ਨਸ਼ਿਆਂ ਨੂੰ ਲੈ ਕੇ ਹੌਟਸਪੌਟ ਬਣਿਆ ਮਾਝੇ ਦਾ ਪ੍ਰਵੇਸ਼ ਦੁਆਰ ਨਸ਼ਿਆਂ ਨੂੰ ਲੈ ਕੇ ਹੌਟਸਪੌਟ ਬਣਿਆ ਮਾਝੇ ਦਾ ਪ੍ਰਵੇਸ਼ ਦੁਆਰ
Publish Date: Tue, 27 Oct 2026 05:16 PM (IST)
Updated Date: Wed, 28 Oct 2026 04:02 AM (IST)
ਕਾਸੋ ਆਪ੍ਰੇਸ਼ਨਾਂ ਨਾਲ ਕਥਿਤ ਤਸਕਰਾਂ ਦੇ ਘਰਾਂ ਦੀ ਖਾਕ ਛਾਣਦੀ ਪੁਲਿਸ ਕਈਆਂ ’ਤੇ ਨਸ਼ੇ ਦੇ ਕਮਰਸ਼ੀਅਲ ਪਰਚੇ ਪੁਲਿਸ ਦੀ ਸਖ਼ਤੀ ਕਾਰਨ ਬਦਨਾਮ ਤਸਕਰ ਰੂਪੋਸ਼ ਨਸ਼ੇ ਦੀ ਸਪਲਾਈ ਬਾ-ਦਸਤੂਰ ਜਾਰੀ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ, ਹਰੀਕੇ ਪੱਤਣ : ਮਾਝੇ ਦੇ ਪ੍ਰਵੇਸ਼ ਦੁਆਰ ਵਜੋਂ ਜਾਣਿਆ ਜਾਂਦਾ ਹਰੀਕੇ ਪੱਤਣ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਦੇ ਰਾਡਾਰ ’ਤੇ ਹੈ। ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਲਗਾਤਾਰ ਕਾਸੋ ਆਪ੍ਰੇਸ਼ਨ ਕਰਕੇ ਕਥਿਤ ਤੌਰ ’ਤੇ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਖਾਕ ਛਾਣਦਿਆਂ ਨਸ਼ਿਆਂ ਦੀ ਸਪਲਾਈ ਲਾਈਨ ਤਕ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਹਰੀਕੇ ਅਤੇ ਆਸ-ਪਾਸ ਦੇ ਕੁਝ ਪਿੰਡਾਂ ’ਚ ਕਥਿਤ ਨਸ਼ਾ ਤਸਕਰੀ ਦਾ ਨੈੱਟਵਰਕ ਲੰਮੇ ਸਮੇਂ ਤੋਂ ਚਰਚਾ ਵਿਚ ਰਿਹਾ ਹੈ। ਇਲਾਕੇ ਦੇ ਕਈ ਵਿਅਕਤੀਆਂ ਖ਼ਿਲਾਫ਼ ਨਸ਼ਿਆਂ ਸਬੰਧੀ ਕਮਰਸ਼ੀਅਲ ਮਾਤਰਾ ਵਾਲੇ ਮਾਮਲੇ ਦਰਜ ਹੋਣ ਦੀ ਗੱਲ ਵੀ ਸਾਹਮਣੇ ਆਈ ਰਹੀ। ਕਮਰਸ਼ੀਅਲ ਮਾਤਰਾ ਦੇ ਮਾਮਲਿਆਂ ’ਚ ਸਖ਼ਤ ਕਾਨੂੰਨੀ ਧਾਰਾਵਾਂ ਲੱਗਣ ਦੇ ਬਾਵਜੂਦ ਨਸ਼ਿਆਂ ਦੀ ਸਪਲਾਈ ’ਤੇ ਪੂਰੀ ਤਰ੍ਹਾਂ ਰੋਕ ਨਾ ਲੱਗਣਾ ਪੁਲਿਸ ਲਈ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪੁਲਿਸ ਵੱਲੋਂ ਵਾਰ-ਵਾਰ ਨਾਕਾਬੰਦੀ, ਤਲਾਸ਼ੀ ਅਤੇ ਕਾਸੋ ਕਾਰਵਾਈ ਕੀਤੇ ਜਾਣ ਕਾਰਨ ਨਸ਼ਾ ਤਸਕਰੀ ਨਾਲ ਜੁੜੇ ਕਈ ਬਦਨਾਮ ਚਿਹਰਿਆਂ ਦੇ ਰੂਪੋਸ਼ ਹੋਣ ਦੀ ਚਰਚਾ ਹੈ। ਹਾਲਾਂਕਿ, ਇਲਾਕੇ ’ਚ ਨਸ਼ਿਆਂ ਦੀ ਸਪਲਾਈ ਬਾ-ਦਸਤੂਰ ਜਾਰੀ ਰਹਿਣ ਨੇ ਵੀ ਲੋਕਾਂ ਦੀ ਚਿੰਤਾ ਵਿਚ ਵਾਧਾ ਵੀ ਕੀਤਾ। ਇਸ ਨਾਲ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਜੇਕਰ ਕਥਿਤ ਤਸਕਰ ਪੁਲਿਸ ਦੀ ਪਹੁੰਚ ਤੋਂ ਬਚ ਰਹੇ ਹਨ, ਤਾਂ ਨਸ਼ੇ ਦੀ ਸਪਲਾਈ ਲਾਈਨ ਨੂੰ ਚਲਾਉਣ ਵਾਲੇ ਵੱਡੇ ਤੰਤਰ ਤਕ ਪੁਲਿਸ ਕਦੋਂ ਪਹੁੰਚੇਗੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਛੋਟੇ ਪੱਧਰ ’ਤੇ ਨਸ਼ਾ ਵੇਚਣ ਵਾਲਿਆਂ ਜਾਂ ਸ਼ੱਕੀ ਘਰਾਂ ਦੀ ਤਲਾਸ਼ੀ ਲੈਣ ਨਾਲ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ। ਨਸ਼ਿਆਂ ਦੇ ਸਰੋਤ, ਸਪਲਾਈ ਦੇ ਰਸਤੇ, ਵਿੱਤੀ ਲੈਣ-ਦੇਣ ਅਤੇ ਇਸ ਨਾਲ ਜੁੜੇ ਵੱਡੇ ਨੈੱਟਵਰਕ ਦੀਆਂ ਕੜੀਆਂ ਤਕ ਪਹੁੰਚਣਾ ਜ਼ਰੂਰੀ ਹੈ। ਹਰੀਕੇ ਦੀ ਭੂਗੋਲਿਕ ਸਥਿਤੀ ਅਤੇ ਇੱਥੋਂ ਲੰਘਦੇ ਵੱਖ-ਵੱਖ ਰਸਤੇ ਇਸ ਖੇਤਰ ਨੂੰ ਨਸ਼ਾ ਤਸਕਰੀ ਦੇ ਮਾਮਲੇ ’ਚ ਸੰਵੇਦਨਸ਼ੀਲ ਬਣਾਉਂਦੇ ਹਨ। ਬਾਕਸ ਸਿਆਸਤ, ਪੁਲਿਸ ਤੇ ਤਸਕਰਾਂ ਦਾ ਨਾਪਾਕ ਗਠਜੋੜ ਪੰਜਾਬ ਲਈ ਘਾਤਕ : ਸਭਰਾ ਇਸ ਸਬੰਧੀ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਬੀਤੇ ਦਿਨੀਂ ਭਾਰੀ ਮਾਤਰਾ ’ਚ ਨਸ਼ੇ ਸਮੇਤ ਖਾਕੀਧਾਰੀ ਦੇ ਫੜੇ ਜਾਣ ਦੀ ਘਟਨਾ ਨੇ ਸਿਸਟਮ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਿਆਸਤ, ਪੁਲਿਸ ਅਤੇ ਤਸਕਰਾਂ ਦੇ ਨਾਪਾਕ ਗਠਜੋੜ ਨੇ ਪੰਜਾਬ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡੀ। ਸਭਰਾ ਨੇ ਕਿਹਾ ਕਿ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਵੀ ਸਰਕਾਰ ਵੱਲੋਂ ਢੁਕਵੇਂ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨਸ਼ਾ ਫੜਨ ਦੀ ਕਾਰਵਾਈ ਨਹੀਂ, ਸਗੋਂ ਨਸ਼ਾ ਪੈਦਾ ਕਰਨ ਅਤੇ ਸਪਲਾਈ ਕਰਨ ਵਾਲੇ ਪੂਰੇ ਤੰਤਰ ਨੂੰ ਤੋੜਨਾ ਜ਼ਰੂਰੀ ਹੈ। ਬਾਕਸ ਨਸ਼ਿਆਂ ਦੇ ਮਾਮਲੇ ’ਚ ਜ਼ੀਰੋ ਟਾਲਰੈਂਸ : ਐੱਸਐੱਸਪੀ ਇਸ ਸਬੰਧੀ ਤਰਨਤਾਰਨ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ’ਚ ਜ਼ਿਲ੍ਹਾ ਪੁਲਿਸ ਵੱਲੋਂ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਸੋ ਆਪ੍ਰੇਸ਼ਨਾਂ ਸਮੇਤ ਹੋਰ ਪੁਲਿਸ ਗਤੀਵਿਧੀਆਂ ਰਾਹੀਂ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।