ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀਆਂ 3 ਅਧਿਆਪਕਾਵਾਂ ਸਨਮਾਨਿਤ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀਆਂ ਤਿੰਨ ਅਧਿਆਪਕਾਵਾਂ ਡਾ. ਏਪੀਜੇ ਅਬਦੁਲ ਕਲਾਮ ਐਵਾਰਡ ਨਾਲ ਸਨਮਾਨਿਤ
Publish Date: Tue, 27 Oct 2026 04:39 PM (IST)
Updated Date: Wed, 28 Oct 2026 04:01 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਸੰਸਥਾ ਦੀਆਂ ਤਿੰਨ ਮਿਹਨਤੀ, ਸਮਰਪਿਤ ਅਤੇ ਹੋਣਹਾਰ ਅਧਿਆਪਕਾਵਾਂ ਕਿਰਨਜੀਤ ਕੌਰ, ਹਰਵਿੰਦਰ ਕੌਰ ਅਤੇ ਰਿੰਪਲ ਸ਼ਰਮਾ ਨੂੰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਜਲੰਧਰ ਵੱਲੋਂ ਡਾ. ਏਪੀਜੇ ਅਬਦੁਲ ਕਲਾਮ ਐਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਿੱਖਿਆ ਦੇ ਖੇਤਰ ’ਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ, ਉਨ੍ਹਾਂ ਦੀ ਮਿਹਨਤ, ਲਗਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਮਾਨਤਾ ਦੇਣ ਦਾ ਪ੍ਰਤੀਕ ਹੈ। ਡਾ. ਏਪੀਜੇ ਅਬਦੁਲ ਕਲਾਮ ਦੇਸ਼ ਦੇ ਮਹਾਨ ਵਿਗਿਆਨੀ, ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਸਨ। ਉਨ੍ਹਾਂ ਨੇ ਸਿੱਖਿਆ, ਗਿਆਨ, ਮਿਹਨਤ ਅਤੇ ਨਵੀਆਂ ਉਚਾਈਆਂ ਹਾਸਿਲ ਕਰਨ ਦੀ ਮਹੱਤਤਾ ਉੱਤੇ ਹਮੇਸ਼ਾ ਜ਼ੋਰ ਦਿੱਤਾ। ਉਨ੍ਹਾਂ ਦੇ ਨਾਮ ’ਤੇ ਦਿੱਤਾ ਜਾਣ ਵਾਲਾ ਇਹ ਐਵਾਰਡ ਅਧਿਆਪਕਾਂ ਦੀ ਉਸ ਭੂਮਿਕਾ ਨੂੰ ਉਜਾਗਰ ਕਰਦਾ ਹੈ, ਜਿਸ ਰਾਹੀਂ ਉਹ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਦਿਸ਼ਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਇਕ ਜ਼ਿੰਮੇਵਾਰ, ਆਤਮ ਵਿਸ਼ਵਾਸੀ ਅਤੇ ਸਫ਼ਲ ਨਾਗਰਿਕ ਬਣਾਉਣ ’ਚ ਯੋਗਦਾਨ ਪਾਉਂਦੇ ਹਨ। ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਹਮੇਸ਼ਾ ਤੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬੌਧਿਕ, ਸਮਾਜਿਕ, ਨੈਤਿਕ ਅਤੇ ਰਚਨਾਤਮਕ ਵਿਕਾਸ ਲਈ ਯਤਨਸ਼ੀਲ ਰਿਹਾ ਹੈ। ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ, ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਜੀਵਨ ’ਚ ਅੱਗੇ ਵਧਣ ਦੀ ਪ੍ਰੇਰਣਾ ਦੇਣਾ ਹੈ। ਇਸ ਮਕਸਦ ਦੀ ਪੂਰਤੀ ’ਚ ਅਧਿਆਪਕਾਂ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਹੈ। ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਹੀ ਕਿਸੇ ਵੀ ਵਿੱਦਿਅਕ ਸੰਸਥਾ ਦੀ ਅਸਲ ਪੂੰਜੀ ਹੁੰਦੇ ਹਨ। ਇਸ ਮਾਣਮੱਤੀ ਪ੍ਰਾਪਤੀ ’ਤੇ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ, ਪ੍ਰਿੰਸੀਪਲ ਮਨੀਸ਼ਾ ਸੂਦ ਅਤੇ ਸਮੂਹ ਸਟਾਫ਼ ਵੱਲੋਂ ਤਿੰਨਾਂ ਅਧਿਆਪਕਾਵਾਂ ਨੂੰ ਦਿਲੋਂ ਵਧਾਈ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਨਮਾਨ ਅਧਿਆਪਕਾਂ ਦੇ ਹੌਸਲੇ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਹੋਰ ਵਧੇਰੇ ਉਤਸ਼ਾਹ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ।