ਪਰਾਲੀ ਸਾੜਨ ਤੋਂ ਰੋਕਣ ਅਤੇ ਸਰ੍ਹੋਂ ਦੀ ਬਿਜਾਈ ਸਬੰਧੀ ਮੀਟਿੰਗ ਪਿੰਡ ਕੋਟ ਬੁੱਢਾ ’ਚ ਪਰਾਲੀ ਸਾੜਨ ਤੋਂ ਰੋਕਣ ਅਤੇ ਸਰ੍ਹੋਂ ਦੀ ਬਿਜਾਈ ਸਬੰਧੀ ਮੀਟਿੰਗ
Publish Date: Tue, 27 Oct 2026 04:37 PM (IST)
Updated Date: Wed, 28 Oct 2026 04:01 AM (IST)
ਸਰਪੰਚ ਰਣਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਿਸਾਨਾਂ ਨੇ ਕੀਤੀ ਵਿਚਾਰ-ਚਰਚਾ ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ, ਘਰਿਆਲਾ : ਪਿੰਡ ਕੋਟ ਬੁੱਢਾ ਵਿਖੇ ਸਰਪੰਚ ਰਣਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਪਰਾਲੀ ਸਾੜਨ ਦੀ ਸਮੱਸਿਆ ਨੂੰ ਲੈ ਕੇ ਇਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ, ਇਸ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਸਰ੍ਹੋਂ ਦੀ ਬਿਜਾਈ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸਹੀ ਪ੍ਰਬੰਧਨ ਕਰਨ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਸ ਦਾ ਮਾੜਾ ਪ੍ਰਭਾਵ ਮਨੁੱਖੀ ਸਿਹਤ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵੀ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਦਿਆਂ ਵਾਤਾਵਰਨ ਦੀ ਸੰਭਾਲ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਰ੍ਹੋਂ ਦੀ ਫ਼ਸਲ ਦੀ ਬਿਜਾਈ ਸਬੰਧੀ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦੀ ਬਿਜਾਈ ਕਰਨ ਅਤੇ ਖੇਤੀ ਦੇ ਆਧੁਨਿਕ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਘੱਟ ਖ਼ਰਚੇ ਨਾਲ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਿਤ ਹੋਰ ਮੁੱਦਿਆਂ ਤੇ ਵੀ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਪ੍ਰਤੀ ਜਾਗਰੂਕ ਕਰਨਾ, ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਖੇਤੀ ਕਰਨ ਲਈ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਸਬ-ਇੰਸਪੈਕਟਰ ਬਲਰਾਜ ਸਿੰਘ, ਖੇਤੀਬਾੜੀ ਇੰਚਾਰਜ ਏਡੀਓ ਅਮਨਦੀਪ ਸਿੰਘ, ਡਾ. ਭੁਪਿੰਦਰ ਸਿੰਘ, ਖੇਤੀਬਾੜੀ ਅਫ਼ਸਰ ਗੁਰਦੇਵ ਸਿੰਘ, ਏਟੀਐੱਮ ਇੰਸਪੈਕਟਰ ਰਣਜੀਤ ਸਿੰਘ, ਮੈਂਬਰ ਅਵਤਾਰ ਸਿੰਘ, ਨਿਸ਼ਾਨ ਸਿੰਘ, ਅਫ਼ਰੀਕ ਸਿੰਘ, ਮਨਦੀਪ ਸਿੰਘ, ਜਸਬੀਰ ਸਿੰਘ, ਮਨਪ੍ਰੀਤ ਸਿੰਘ, ਪ੍ਰਗਟ ਸਿੰਘ ਭੋਲਾ, ਨੰਬਰਦਾਰ ਰਾਜ ਸਿੰਘ, ਡਾ. ਗਿਆਨ ਸਿੰਘ, ਡਾ. ਪਰਵਿੰਦਰ ਸਿੰਘ, ਕਿਸਾਨ ਆਗੂ ਭੁਪਿੰਦਰ ਸਿੰਘ, ਗੁਰਤਾਰ ਸਿੰਘ ਬੱਬਰ ਅਤੇ ਦਿਲਬਾਗ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।