- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵੀਆਂ, ਸਮਾਜ ਚਿੰਤਕਾਂ ਤੇ ਵਾਤਾਵਰਨ ਪ੍ਰੇਮੀਆਂ ਨੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼

ਸਮਾਜ ਸੇਵੀਆਂ, ਸਮਾਜ ਚਿੰਤਕਾਂ ਤੇ ਵਾਤਾਵਰਣ ਪ੍ਰੇਮੀਆਂ ਨੇ ਦਿੱਤਾ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕੁਝ ਦਿਨਾਂ ਤਕ ਦੀਵਾਲੀ ਦਾ ਤਿਉਹਾਰ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਪਟਾਕਿਆਂ ਤੇ ਹੋਰ ਸਮਾਨ ਦੇ ਬਾਜ਼ਾਰ ਵੀ ਪੂਰੀ ਤਰ੍ਹਾਂ ਸੱਜ ਚੁੱਕੇ ਹਨ। ਦੀਵਾਲੀ ’ਤੇ ਪਟਾਕੇ ਚਲਾਉਣ ਦੀ ਪਰੰਪਰਾ ਲੰਮੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ ਤੇ ਹਰ ਵਾਰ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਨੂੰ ਅੱਗ ਲਗਾਈ ਜਾਂਦੀ ਹੈ। ਜਿਸਦੇ ਚੱਲਦਿਆਂ ਸਮਾਜ ਸੇਵੀਆਂ, ਸਮਾਜ ਚਿੰਤਕਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਹੈ।
----------
ਬਾਕਸ-
ਦੀਵਾਲੀ ਖ਼ੁਸ਼ੀਆਂ ਦਾ ਤਿਉਹਾਰ ਹੈ, ਪ੍ਰਦੂਸ਼ਣ ਫੈਲਾਉਣ ਦਾ ਨਹੀਂ : ਧਾਮੀ
ਸਮਾਜ ਸੇਵੀ ਸੁਖਵੰਤ ਸਿੰਘ ਧਾਮੀ ਨੇ ਕਿਹਾ ਕਿ ਦੀਵਾਲੀ ਰੌਸ਼ਨੀਆਂ, ਖ਼ੁਸ਼ੀਆਂ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ ਨੂੰ ਮਨਾਉਂਦਿਆਂ ਸਾਨੂੰ ਵਾਤਾਵਰਨ ਦੀ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਅੱਜ ਵਧ ਰਿਹਾ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਬਰੀਕ ਕਣ ਹਵਾ ਨੂੰ ਦੂਸ਼ਿਤ ਕਰਦੇ ਹਨ, ਜਿਸ ਨਾਲ ਸਾਹ ਦੀਆਂ ਬਿਮਾਰੀਆਂ, ਖੰਘ, ਅੱਖਾਂ ’ਚ ਜਲਣ ਅਤੇ ਦਮੇ ਦੇ ਮਰੀਜ਼ਾਂ ਦੀਆਂ ਤਕਲੀਫ਼ਾਂ ਵਧ ਸਕਦੀਆਂ ਹਨ। ਸਾਨੂੰ ਚਾਹੀਦਾ ਹੈ ਕਿ ਇਸ ਵਾਰ ਦੀਵਾਲੀ ਮਿੱਟੀ ਦੇ ਦੀਵੇ ਜਗਾ ਕੇ, ਘਰਾਂ ਨੂੰ ਸਜਾ ਕੇ ਅਤੇ ਲੋੜਵੰਦਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਕੇ ਮਨਾਈਏ। ਬੱਚਿਆਂ ਨੂੰ ਵੀ ਸਮਝਾਈਏ ਕਿ ਅਸਲ ਖ਼ੁਸ਼ੀ ਪਟਾਕੇ ਚਲਾਉਣ ’ਚ ਨਹੀਂ, ਸਗੋਂ ਸਭ ਦੀ ਸੁਰੱਖਿਆ ਅਤੇ ਭਲਾਈ ਵਿਚ ਹੈ। ਆਓ, ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਕਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਛੱਡੀਏ।
---------
ਬਾਕਸ-
ਪਟਾਕਿਆਂ ਦਾ ਧੂੰਆਂ ਸਿਹਤ ਲਈ ਖ਼ਤਰਾ : ਲੌਹੁਕਾ
ਸਮਾਜ ਚਿੰਤਕ ਡਾ. ਸੁਖਦੇਵ ਸਿੰਘ ਲੌਹੁਕਾ ਨੇ ਕਿਹਾ ਕਿ ਦੀਵਾਲੀ ਸਾਨੂੰ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦਾ ਸੰਦੇਸ਼ ਦਿੰਦੀ ਹੈ। ਇਸ ਤਿਉਹਾਰ ਦੀ ਖ਼ੁਸ਼ੀ ਨੂੰ ਪਟਾਕਿਆਂ ਦੇ ਧੂੰਏਂ ਅਤੇ ਸ਼ੋਰ ’ਚ ਗੁਆਉਣ ਦੀ ਬਜਾਏ ਸਾਨੂੰ ਇਸ ਨੂੰ ਸਾਫ਼-ਸੁਥਰੇ ਢੰਗ ਨਾਲ ਮਨਾਉਣਾ ਚਾਹੀਦਾ ਹੈ। ਪਟਾਕਿਆਂ ਨਾਲ ਹਵਾ ਵਿਚ ਪ੍ਰਦੂਸ਼ਕ ਕਣ ਅਤੇ ਹਾਨੀਕਾਰਕ ਗੈਸਾਂ ਵਧਦੀਆਂ ਹਨ। ਇਸ ਦੇ ਨਾਲ ਹੀ ਉੱਚੀ ਆਵਾਜ਼ ਬੱਚਿਆਂ, ਬਜ਼ੁਰਗਾਂ, ਬਿਮਾਰ ਵਿਅਕਤੀਆਂ ਅਤੇ ਪੰਛੀਆਂ ਲਈ ਵੀ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਸਾਨੂੰ ਆਪਣੇ ਪਰਿਵਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਪਟਾਕਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਆਓ, ਦੀਵਾਲੀ ਮੌਕੇ ਰੁੱਖ-ਬੂਟਿਆਂ ਦੀ ਸੰਭਾਲ ਕਰੀਏ, ਦੀਵੇ ਜਗਾਈਏ ਅਤੇ ਲੋੜਵੰਦਾਂ ਦੀ ਮਦਦ ਕਰੀਏ। ਸਾਡੀ ਜ਼ਿੰਮੇਵਾਰੀ ਹੈ ਕਿ ਖ਼ੁਸ਼ੀਆਂ ਮਨਾਉਂਦਿਆਂ ਦੂਜਿਆਂ ਦੀ ਸਿਹਤ ਅਤੇ ਸੁਰੱਖਿਆ ਦਾ ਵੀ ਖ਼ਿਆਲ ਰੱਖੀਏ।
---------
ਬਾਕਸ-
ਬੱਚਿਓ, ਸਾਵਧਾਨੀ ਨਾਲ ਮਨਾਓ ਦੀਵਾਲੀ : ਖੇੜਾ
ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟਰੈਫਿਕ ਹੈਲਪ ਸਾਥ ਦੇ ਕੋਆਰਡੀਨੇਟਰ ਰਮਨੀਕ ਸਿੰਘ ਖੇੜਾ ਨੇ ਕਿਹਾ ਕਿ ਦੀਵਾਲੀ ਬੱਚਿਆਂ ਲਈ ਖ਼ੁਸ਼ੀਆਂ ਅਤੇ ਉਤਸ਼ਾਹ ਦਾ ਤਿਉਹਾਰ ਹੈ। ਇਸ ਦਿਨ ਹਰ ਬੱਚਾ ਆਪਣੇ ਪਰਿਵਾਰ ਨਾਲ ਖ਼ੁਸ਼ੀਆਂ ਸਾਂਝੀਆਂ ਕਰਨਾ ਚਾਹੁੰਦਾ ਹੈ, ਪਰ ਤਿਉਹਾਰ ਮਨਾਉਂਦਿਆਂ ਸੁਰੱਖਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪਟਾਕਿਆਂ ਕਾਰਨ ਸੜਨ, ਅੱਖਾਂ ਵਿਚ ਸੱਟ ਲੱਗਣ ਅਤੇ ਅੱਗ ਲੱਗਣ ਵਰਗੇ ਹਾਦਸੇ ਵਾਪਰ ਸਕਦੇ ਹਨ। ਇਸ ਲਈ ਬੱਚਿਆਂ ਨੂੰ ਪਟਾਕੇ ਚਲਾਉਣ ਤੋਂ ਜਾਂ ਤਾਂ ਗੁਰੇਜ਼ ਕਰਨਾ ਚਾਹੀਦਾ ਹੈ ਜਾਂ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਪਟਾਕੇ ਚਲਾਉਣੇ ਚਾਹੀਦੇ ਹਨ। ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਦੀਵਾਲੀ ਦੇ ਅਸਲ ਅਰਥ ਸਮਝਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਤਿਉਹਾਰ ਮਨਾਉਣ ਲਈ ਪ੍ਰੇਰਿਤ ਕਰਨ। ਜੇਕਰ ਕਿਤੇ ਦੀਵੇ ਜਾਂ ਮੋਮਬੱਤੀਆਂ ਜਗਾਈਆਂ ਜਾਣ ਤਾਂ ਉਨ੍ਹਾਂ ਨੂੰ ਜਲਣਸ਼ੀਲ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਅਤੇ ਬੱਚਿਆਂ ਨੂੰ ਇਕੱਲਿਆਂ ਅੱਗ ਦੇ ਨੇੜੇ ਨਾ ਜਾਣ ਦਿੱਤਾ ਜਾਵੇ।
-----------
ਬਾਕਸ-
ਕੁਦਰਤ ਨਾਲ ਪਿਆਰ ਕਰਕੇ ਮਨਾਈਏ ਗਰੀਨ ਦੀਵਾਲੀ : ਢਿੱਲੋਂ
ਵਾਤਾਵਰਨ ਪ੍ਰੇਮੀ ਗੁਰਭੇਜ ਸਿੰਘ ਢਿੱਲੋਂ ਨੇ ਕਿਹਾ ਕਿ ਕੁਦਰਤ ਮਨੁੱਖ ਨੂੰ ਸਾਫ਼ ਹਵਾ, ਪਾਣੀ, ਹਰਿਆਲੀ ਅਤੇ ਜੀਵਨ ਲਈ ਲੋੜੀਂਦੇ ਅਨੇਕਾਂ ਸਰੋਤ ਪ੍ਰਦਾਨ ਕਰਦੀ ਹੈ। ਇਸ ਲਈ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਕੁਦਰਤ ਦੀ ਰੱਖਿਆ ਕਰੀਏ। ਦੀਵਾਲੀ ਵਰਗੇ ਖ਼ੁਸ਼ੀਆਂ ਭਰੇ ਤਿਉਹਾਰ ਮੌਕੇ ਵਾਤਾਵਰਨ ਦੀ ਸੰਭਾਲ ਦਾ ਸੰਕਲਪ ਲੈਣਾ ਸਮੇਂ ਦੀ ਲੋੜ ਹੈ। ਪਟਾਕਿਆਂ ਤੋਂ ਪੈਦਾ ਹੋਣ ਵਾਲਾ ਧੂੰਆਂ ਹਵਾ ਦੀ ਗੁਣਵੱਤਾ ਨੂੰ ਖ਼ਰਾਬ ਕਰਦਾ ਹੈ ਅਤੇ ਉਨ੍ਹਾਂ ਦਾ ਸ਼ੋਰ ਮਨੁੱਖਾਂ ਤੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸਾਨੂੰ ਪਟਾਕਿਆਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।
ਗਰੀਨ ਦੀਵਾਲੀ ਮਨਾਉਣ ਲਈ ਮਿੱਟੀ ਦੇ ਦੀਵੇ ਜਗਾਉਣ, ਘਰਾਂ ਵਿਚ ਸਾਫ਼-ਸਫ਼ਾਈ ਰੱਖਣ, ਪੌਦਿਆਂ ਦੀ ਸੰਭਾਲ ਕਰਨ ਅਤੇ ਪਲਾਸਟਿਕ ਦੀ ਬੇਲੋੜੀ ਵਰਤੋਂ ਤੋਂ ਬਚਣ ਵਰਗੇ ਕਦਮ ਚੁੱਕੇ ਜਾ ਸਕਦੇ ਹਨ। ਤਿਉਹਾਰਾਂ ਦੀ ਅਸਲ ਸੁੰਦਰਤਾ ਸਾਂਝ, ਪਿਆਰ ਅਤੇ ਭਾਈਚਾਰੇ ਵਿਚ ਹੈ। ਆਓ, ਆਪਣੇ ਬੱਚਿਆਂ ਨੂੰ ਵੀ ਕੁਦਰਤ ਨਾਲ ਪਿਆਰ ਕਰਨਾ ਸਿਖਾਈਏ ਅਤੇ ਅਜਿਹੀ ਦੀਵਾਲੀ ਮਨਾਈਏ, ਜਿਸ ਨਾਲ ਕਿਸੇ ਦੀ ਸਿਹਤ ਜਾਂ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚੇ।
-------------
ਬਾਕਸ-
ਦੀਵਾਲੀ ’ਤੇ ਖ਼ੁਸ਼ੀਆਂ ਵੰਡੀਏ, ਧੂੰਆਂ ਤੇ ਸ਼ੋਰ ਨਹੀਂ : ਤੱਖੂਚੱਕ
ਸਮਾਜ ਸੇਵਕ ਹਰਪਾਲ ਸਿੰਘ ਤੱਖੂਚੱਕ ਨੇ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ, ਸਗੋਂ ਮਨੁੱਖਤਾ, ਸਾਂਝ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਵੀ ਦਿੰਦੀ ਹੈ। ਇਸ ਮੌਕੇ ਸਾਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਣਾ ਚਾਹੀਦਾ ਹੈ। ਜਿਥੇ ਬਹੁਤ ਸਾਰੇ ਲੋਕ ਪਟਾਕਿਆਂ ’ਤੇ ਪੈਸਾ ਖ਼ਰਚ ਕਰਦੇ ਹਨ, ਉਥੇ ਅਸੀਂ ਇਸ ਰਕਮ ਨਾਲ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰਕੇ ਉਸ ਦੀ ਦੀਵਾਲੀ ਵੀ ਖ਼ੁਸ਼ੀਆਂ ਭਰੀ ਬਣਾ ਸਕਦੇ ਹਾਂ। ਪਟਾਕਿਆਂ ਦਾ ਧੂੰਆਂ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ ਅਤੇ ਉਨ੍ਹਾਂ ਦੀ ਉੱਚੀ ਆਵਾਜ਼ ਬਜ਼ੁਰਗਾਂ, ਬਿਮਾਰਾਂ ਅਤੇ ਛੋਟੇ ਬੱਚਿਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਨੂੰ ਦੂਜਿਆਂ ਦੀ ਸਹੂਲਤ ਅਤੇ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ।ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿ ਅਸਲ ਸਮਝਦਾਰੀ ਖ਼ਤਰਾ ਮੁੱਲ ਲੈਣ ’ਚ ਨਹੀਂ, ਸਗੋਂ ਸੁਰੱਖਿਅਤ ਤਰੀਕੇ ਨਾਲ ਖ਼ੁਸ਼ੀਆਂ ਮਨਾਉਣ ਵਿਚ ਹੈ। ਆਓ, ਇਸ ਦੀਵਾਲੀ ਪਿਆਰ, ਸਾਂਝ ਅਤੇ ਹਰਿਆਲੀ ਦਾ ਸੰਦੇਸ਼ ਘਰ-ਘਰ ਪਹੁੰਚਾਈਏ। ਗਰੀਨ ਦੀਵਾਲੀ ਅਪਣਾ ਕੇ ਸਿਹਤਮੰਦ ਸਮਾਜ ਅਤੇ ਸਾਫ਼ ਵਾਤਾਵਰਨ ਦੀ ਸਿਰਜਣਾ ’ਚ ਆਪਣਾ ਯੋਗਦਾਨ ਪਾਈਏ।