ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਫੋਨ ਤੇ ਤੰਬਾਕੂ ਪਦਾਰਥ ਬਰਾਮਦ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਫੋਨ ਤੇ ਤੰਬਾਕੂ ਪਦਾਰਥ ਬਰਾਮਦ
Publish Date: Sun, 25 Oct 2026 09:03 PM (IST)
Updated Date: Sun, 25 Oct 2026 09:04 PM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਚੈਕਿੰਗ ਦੌਰਾਨ ਵੱਡੀ ਗਿਣਤੀ ਮੋਬਾਈਲ ਫੋਨ ਤੇ ਤੰਬਾਕੂ ਪਦਾਰਥ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰਾਮਦ ਹੋਇਆ ਸਮਾਨ ਜੇਲ੍ਹ ਅਧਿਕਾਰੀਆਂ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੋਹਨ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਚੋਹਾਵਾਨ ਅਤੇ ਗੁਰਵਿੰਦਰ ਸਿੰਘ ਗਿੰਦਰ ਪੁੱਤਰ ਮੇਜਰ ਸਿੰਘ ਵਾਸੀ ਲਾਡੇਵਾਲ ਕੋਲੋਂ 17 ਬੀੜੀਆਂ ਦੇ ਬੰਡਲ ਤੇ ਇਕ ਜਰਦੇ ਦੀ ਪੁੜੀ ਬਰਾਮਦ ਹੋਈ। ਇਸੇ ਤਰ੍ਹਾਂ ਬੈਰਕ ਨੰਬਰ 4 ਵਿਚ ਬੰਦ ਕੁਲਵਿੰਦਰ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਬਸਤੀ ਲੰਘੇਆਣਾ ਕੋਲੋਂ ਇਕ ਸਮਾਰਟ ਫੋਨ ਸਣੇ ਸਿਮ, ਹਵਾਲਾਤੀ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਬੋਪਾਰਾਏ ਅੰਮ੍ਰਿਤਸਰ, ਹਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੰਡੋਰੀ, ਸ਼ੁਭਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਵੇਰਕਾ ਅਤੇ ਕਰਨ ਸਿੰਘ ਪੁਤੱਰ ਜਰਮਲ ਸਿੰਘ ਵਾਸੀ ਪੱਟੀ ਕੋਲੋਂ ਇਕ ਇਕ ਸਮਾਰਟ ਫੋਨ ਬਰਾਮਦ ਹੋਇਆ। ਜਦੋਂਕਿ ਦੋ ਚਾਰਜਰ ਤੇ ਏਅਰਪੋਡ ਵੀ ਮਿਲੇ ਹਨ। ਉਧਰ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਉਕਤ ਬਰਾਮਦਗੀਆਂ ਨੂੰ ਲੈ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਦੋ ਮੁਕੱਦਮੇਂ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਅਗਲੀ ਜਾਂਚ ਲਈ ਸਬ ਇੰਸਪੈਕਟਰ ਰਾਜੀਵ ਕੁਮਾਰ ਅਤੇ ਏਐੱਸਆਈ ਨਿਸ਼ਾਨ ਸਿੰਘ ਦੀ ਡਿਊਟੀ ਲਗਾਈ ਗਈ ਹੈ।