ਭਗਵਾਨ ਵਾਲਮੀਕਿ ਜੀ ਦਾ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ : ਜੱਸਾ ਪੱਟੀ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਸੱਚਾਈ ਤੇ ਗਿਆਨ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ : ਜੱਸਾ ਪੱਟੀ
Publish Date: Sun, 25 Oct 2026 07:04 PM (IST)
Updated Date: Sun, 25 Oct 2026 07:07 PM (IST)
ਵਿਸ਼ਾਲ ਸ਼ੋਭਾ ਯਾਤਰਾ ਸਜਾਈ, ਹਰਪ੍ਰੀਤ ਸਿੰਘ ਸੰਧੂ ਨੇ ਵੀ ਕੀਤੀ ਸ਼ਿਰਕਤ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਕੇਂਦਰੀ ਮੰਦਰ ਭਗਵਾਨ ਵਾਲਮੀਕਿ, ਕੋਰਟ ਰੋਡ ਪੱਟੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਮੰਦਰ ਦੇ ਪ੍ਰਧਾਨ ਰਾਹੁਲ ਕੁਮਾਰ ਤੇ ਮੀਤ ਪ੍ਰਧਾਨ ਸੰਦੀਪ ਕੁਮਾਰ ਸੰਨੀ ਦੀ ਅਗਵਾਈ ਹੇਠ ਸਜਾਈ ਗਈ ਇਸ ਸ਼ੋਭਾ ਯਾਤਰਾ ’ਚ ਵੱਡੀ ਗਿਣਤੀ ’ਚ ਵਾਲਮੀਕਿ ਸਮਾਜ ਦੇ ਲੋਕਾਂ ਤੇ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਜੱਸਾ ਪੱਟੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਸੱਚਾਈ, ਗਿਆਨ, ਨੇਕੀ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਜੀ ਨੇ ਆਪਣੀ ਬਾਣੀ ਤੇ ਰਚਨਾਵਾਂ ਰਾਹੀਂ ਸਮਾਜ ਨੂੰ ਨੈਤਿਕਤਾ, ਸਦਭਾਵਨਾ ਅਤੇ ਚੰਗੇ ਆਚਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਆਪਸੀ ਭਾਈਚਾਰਾ ਮਜ਼ਬੂਤ ਕਰਨ ਤੇ ਸਮਾਜ ’ਚ ਬਰਾਬਰੀ ਤੇ ਸਤਿਕਾਰ ਦੀ ਭਾਵਨਾ ਕਾਇਮ ਰੱਖਣ ਦੀ ਪ੍ਰੇਰਨਾ ਦਿੰਦੀਆਂ ਹਨ। ਜੱਸਾ ਪੱਟੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਵਰਗੇ ਧਾਰਮਿਕ ਸਮਾਗਮ ਸਾਡੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਤੇ ਮਹਾਨ ਸ਼ਖ਼ਸੀਅਤਾਂ ਦੀਆਂ ਸਿੱਖਿਆਵਾਂ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਸਮੂਹ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਸ਼ੋਭਾ ਯਾਤਰਾ ਦੇ ਮੁੱਖ ਮਹਿਮਾਨ ਅੰਕੁਸ਼ ਜੈਨ ਤੇ ਵਿਸ਼ੇਸ਼ ਮਹਿਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਸੰਧੂ ਨੇ ਵੀ ਸ਼ਿਰਕਤ ਕੀਤੀ। ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ ’ਚ ਕਲਮ ਗਿਆਨ ਅਤੇ ਸਿੱਖਿਆ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਇਸ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਕੇ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਸ਼ੋਭਾ ਯਾਤਰਾ ਦੌਰਾਨ ਲਵ-ਕੁਸ਼ ਦੀਆਂ ਮਨਮੋਹਕ ਝਾਕੀਆਂ ਸਜਾਈਆਂ ਗਈਆਂ। ਭਜਨ ਗਾਇਕ ਰਾਜਾ ਪੱਟੀ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਲੰਗਰ ਲਗਾਏ ਗਏ ਅਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਕੋਰਟ ਰੋਡ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਬੱਸ ਅੱਡਾ, ਗਾਂਧੀ ਸੱਥ, ਸ਼ਿਵਾਲਾ ਰੋਡ, ਸਰਹਾਲੀ ਰੋਡ ਅਤੇ ਕਹੀਆ ਵਾਲਾ ਚੌਕ ਤੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਪਹੁੰਚੀ। ਮੰਦਰ ਦੇ ਪ੍ਰਧਾਨ ਰਾਹੁਲ ਕੁਮਾਰ, ਮੀਤ ਪ੍ਰਧਾਨ ਸੰਦੀਪ ਕੁਮਾਰ ਸੰਨੀ ਅਤੇ ਚੇਅਰਮੈਨ ਲਖਬੀਰ ਸੰਧੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਰ ਦੇ ਖ਼ਜ਼ਾਨਚੀ ਸੌਰਭ ਨੇ ਸ਼ੋਭਾ ਯਾਤਰਾ ’ਚ ਸ਼ਾਮਿਲ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਰਿੰਦਰ ਕੁਮਾਰ ਜੂਲੀ, ਅਜੇ ਪ੍ਰਧਾਨ, ਦੀਪਕ ਚੌਧਰੀ, ਨਿਸ਼ਾਨ ਸਹੋਤਾ, ਬਲਵੰਤ ਰਾਏ, ਜਤਿਨ ਸ਼ਰਮਾ, ਗੁਰਪ੍ਰੀਤ ਸਿੰਘ ਮੋਨੂੰ ਕੌਂਸਲਰ, ਵਿਨੋਦ ਧਵਨ, ਸੰਦੀਪ ਆਦੀਵਾਲ, ਸੌਰਵ ਕੁਮਾਰ, ਕੰਵਲਪ੍ਰੀਤ ਸਿੰਘ ਗਿੱਲ, ਸੁਰਜੀਤ ਸਿੰਘ ਕੌਸਲਰ, ਬਲਜਿੰਦਰ ਸਿੰਘ ਮਲਹਾਰ, ਸੋਹਣ ਲਾਲ, ਬਿੱਲਾ ਬੇਦੀ, ਸੱਤਪਾਲ ਅਰੋੜਾ ਸਾਬਕਾ ਕੌਂਸਲਰ, ਰਮਨ ਸ਼ਰਮਾ, ਮੁਨੀਸ਼ ਵਰਮਾ, ਰਮਦੀਪ ਸਿੰਘ ਸੋਨੂੰ ਪ੍ਰਧਾਨ, ਬਿਕਰਮਜੀਤ ਸਿੰਘ ਸੋਹਲ, ਯੋਧਬੀਰ ਸਿੰਘ, ਚਾਨਣ ਸਿੰਘ ਬੁੱਟਰ, ਬੱਬਲੂ ਮਰਵਾਹਾ, ਲਾਡੀ ਹੰਸ ਕੌਂਸਲਰ, ਅਮਨਦੀਪ ਸਿੰਘ ਰਾੜੀਆ, ਵਿੱਕੀ ਦੇਵਗਨ, ਹਰੀਸ਼ ਕੁਮਾਰ, ਸੁਖਦੇਵ ਰਾਜ ਮੁੱਚੀ, ਮਕੱਦਰ ਮੱਟੂ, ਸਾਹਿਲ ਕੁਮਾਰ, ਸੂਰਜ ਕੁਮਾਰ, ਵਿਜੇ, ਅੰਗਰੇਜ਼ ਸਿੰਘ, ਗੁਰਲਾਲ ਸਿੰਘ, ਤਿਲਕ ਰਾਜ ਭੱਗੂਪੁਰ, ਚਾਂਦ, ਮਨਦੀਪ ਮਨੀ, ਲਾਡੀ ਬਰੋਸਲੀ, ਪ੍ਰਦੀਪ ਕੁਮਾਰ ਅਤੇ ਜਿੰਮੀ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।