- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਕੀਤਾ ਭਾਰੀ ਨੁਕਸਾਨ

ਮਟਰਾਂ ਦੀਆਂ ਪੱਕੀਆਂ ਫਲੀਆਂ ਬਰਬਾਦ, ਬਾਸਮਤੀ ਤੇ ਝੋਨੇ ਦੀ ਫ਼ਸਲ ਵੀ ਪ੍ਰਭਾਵਿਤ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ
ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ
ਖਾਲੜਾ : ਤੇਜ਼ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਮੰਡੀਕਰਨ ਲਈ ਬਿਲਕੁਲ ਤਿਆਰ ਮਟਰਾਂ ਦੀ ਫ਼ਸਲ ਦੇ ਨਾਲ-ਨਾਲ ਬਾਸਮਤੀ ਅਤੇ ਝੋਨੇ ਦੀਆਂ ਫ਼ਸਲਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਕੁਦਰਤ ਦੀ ਇਸ ਮਾਰ ਨੇ ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ।
ਪ੍ਰਭਾਵਿਤ ਪਿੰਡ ਨਾਰਲੀ ਦੇ ਕਿਸਾਨ ਰਣਜੀਤ ਸਿੰਘ ਘੁੱਲਾ ਨੇ ਆਪਣੀ ਫ਼ਸਲ ਦੇ ਹੋਏ ਨੁਕਸਾਨ ਸਬੰਧੀ ਦੱਸਿਆ ਕਿ ਤੇਜ਼ ਬਾਰਿਸ਼ ਅਤੇ ਗੜੇਮਾਰੀ ਕਾਰਨ ਉਸ ਦੀ ਲਗਭਗ ਢਾਈ ਏਕੜ ਰਕਬੇ ’ਚ ਬੀਜੀ ਮਟਰਾਂ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਸ ਨੇ ਦੱਸਿਆ ਕਿ ਮਟਰਾਂ ਦੀਆਂ ਫ਼ਲੀਆਂ ਪੂਰੀ ਤਰ੍ਹਾਂ ਪੱਕ ਕੇ ਮੰਡੀਕਰਨ ਲਈ ਤਿਆਰ ਸਨ, ਪਰ ਮੌਸਮ ਦੀ ਅਚਾਨਕ ਹੋਈ ਤਬਦੀਲੀ ਕਾਰਨ ਉਸ ਦੀ ਸਾਰੀ ਮਿਹਨਤ ਵਿਅਰਥ ਹੋ ਗਈ। ਕਿਸਾਨ ਅਨੁਸਾਰ ਇਸ ਨੁਕਸਾਨ ਕਾਰਨ ਉਸ ਨੂੰ ਲਗਭਗ ਤਿੰਨ ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਣ ਦਾ ਅਨੁਮਾਨ ਹੈ।
ਇਸੇ ਤਰ੍ਹਾਂ ਪਿੰਡ ਨਾਰਲੀ ਦੇ ਕਿਸਾਨ ਗੁਰਵਿੰਦਰ ਸਿੰਘ ਦੀ ਲਗਭਗ ਦਸ ਏਕੜ ਬਾਸਮਤੀ ਦੀ ਫ਼ਸਲ ਵੀ ਬਾਰਿਸ਼ ਅਤੇ ਗੜ੍ਹੇਮਾਰੀ ਦੀ ਮਾਰ ਹੇਠ ਆ ਗਈ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਬਾਸਮਤੀ ਦੀ ਫ਼ਸਲ ਪੱਕ ਕੇ ਵਾਢੀ ਅਤੇ ਮੰਡੀਕਰਨ ਲਈ ਤਿਆਰ ਸੀ। ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਪੱਕੇ ਹੋਏ ਦਾਣੇ ਝੜ ਕੇ ਜ਼ਮੀਨ ’ਤੇ ਖਿੱਲਰ ਗਏ ਹਨ। ਇਸ ਕਾਰਨ ਫ਼ਸਲ ਦੀ ਪੈਦਾਵਾਰ ਅਤੇ ਕਿਸਾਨ ਨੂੰ ਹੋਣ ਵਾਲੀ ਆਮਦਨ ’ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ।
ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਵੀ ਇਸ ਮੌਸਮੀ ਮਾਰ ਤੋਂ ਬਚ ਨਹੀਂ ਸਕੀ। ਦਾਣਿਆਂ ਨਾਲ ਭਰੇ ਝੋਨੇ ਦੇ ਬੂਟਿਆਂ ਦੇ ਆਪਸ ’ਚ ਖਹਿਣ ਅਤੇ ਫ਼ਸਲ ਦੇ ਪ੍ਰਭਾਵਿਤ ਹੋਣ ਕਾਰਨ ਦਾਣੇ ਝੜ ਕੇ ਜ਼ਮੀਨ 'ਤੇ ਖਿੱਲਰ ਗਏ ਹਨ। ਜ਼ਮੀਨ ’ਤੇ ਡਿੱਗੇ ਦਾਣਿਆਂ ਨੂੰ ਇਕੱਠਾ ਕਰਨਾ ਬੇਹੱਦ ਮੁਸ਼ਕਿਲ ਹੈ, ਜਿਸ ਕਾਰਨ ਫ਼ਸਲ ਦਾ ਮੰਡੀਕਰਨ ਕਰਨਾ ਵੀ ਔਖਾ ਹੋ ਗਿਆ ਹੈ।
ਕਿਸਾਨ ਰਣਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਸਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਾਂ ਦਾ ਜਲਦੀ ਤੋਂ ਜਲਦੀ ਸਰਵੇਖਣ ਕਰਵਾਇਆ ਜਾਵੇ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਹੋਏ ਇਸ ਨੁਕਸਾਨ ਨਾਲ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।