ਤਰਨਤਾਰਨ ’ਚ ਭਾਰੀ ਬਰਸਾਤ, ਨੀਵੇਂ ਇਲਾਕੇ ਜਲਥਲ, ਮੰਡੀ ’ਚ ਪਈ ਫ਼ਸਲ ਤਕ ਪੁੱਜਾ ਪਾਣੀ ਤਰਨਤਾਰਨ ’ਚ ਭਾਰੀ ਬਰਸਾਤ, ਨੀਵੇਂ ਇਲਾਕੇ ਜਲਥਲ, ਮੰਡੀ ’ਚ ਪਈ ਫ਼ਸਲ ਤਕ ਪੁੱਜਾ ਪਾਣੀ
Publish Date: Sat, 24 Oct 2026 08:38 PM (IST)
Updated Date: Sat, 24 Oct 2026 08:40 PM (IST)
ਤਰਨਤਾਰਨ ’ਚ ਭਾਰੀ ਬਰਸਾਤ, ਨੀਵੇਂ ਇਲਾਕੇ ਜਲਥਲ, ਮੰਡੀ ’ਚ ਪਈ ਫ਼ਸਲ ਤਕ ਪੁੱਜਾ ਪਾਣੀ ਚਿੱਟੇ ਦਿਨ ਛਾਈਆਂ ਕਾਲੀਆਂ ਘਟਾਵਾਂ ਕਾਰਨ ਰਾਤ ਵਰਗਾ ਬਣਿਆ ਮਾਹੌਲ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਲੰਘੇ ਰਾਹਗੀਰ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਸ਼ਨਿਚਰਵਾਰ ਨੂੰ ਤਰਨਤਾਰਨ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਅਚਾਨਕ ਹੋਈ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਨੇ ਜਿੱਥੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ, ਉੱਥੇ ਹੀ ਲੋਕਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਖੜ੍ਹੀਆਂ ਕਰ ਦਿੱਤੀਆਂ। ਬਰਸਾਤ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਵੀ ਮੀਂਹ ਦੇ ਪਾਣੀ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਕਿਸਾਨਾਂ ਅਤੇ ਆਪਣੀ ਫ਼ਸਲ ਵੇਚਣ ਲਈ ਮੰਡੀ ਪਹੁੰਚੇ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਅਚਾਨਕ ਅਸਮਾਨ ’ਤੇ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਕੁਝ ਹੀ ਸਮੇਂ ਵਿਚ ਮੋਹਲੇਧਾਰ ਬਰਸਾਤ ਸ਼ੁਰੂ ਹੋ ਗਈ। ਮੌਸਮ ਵਿਚ ਆਈ ਇਸ ਤਬਦੀਲੀ ਕਾਰਨ ਦੁਪਹਿਰ ਵੇਲੇ ਹੀ ਹਨੇਰੇ ਵਰਗਾ ਮਾਹੌਲ ਬਣ ਗਿਆ। ਅਸਮਾਨ ’ਤੇ ਛਾਈਆਂ ਸੰਘਣੀਆਂ ਘਟਾਵਾਂ ਕਾਰਨ ਚਿੱਟੇ ਦਿਨ ਰਾਤ ਵਰਗਾ ਅਹਿਸਾਸ ਹੋਣ ਲੱਗਾ ਅਤੇ ਸੜਕਾਂ ’ਤੇ ਚੱਲ ਰਹੇ ਵਾਹਨ ਚਾਲਕਾਂ ਨੂੰ ਆਪਣੀਆਂ ਲਾਈਟਾਂ ਜਗਾ ਕੇ ਸਫ਼ਰ ਕਰਨਾ ਪਿਆ। ਅਚਾਨਕ ਬਦਲੇ ਮੌਸਮ ਕਾਰਨ ਰਾਹਗੀਰਾਂ ਨੂੰ ਵੀ ਆਪਣੀ ਮੰਜ਼ਿਲ ਤਕ ਪਹੁੰਚਣ ਵਿਚ ਦਿੱਕਤਾਂ ਆਈਆਂ। -------- ਬਾਕਸ - ਨੀਵੇਂ ਇਲਾਕਿਆਂ ਵਿਚ ਭਰਿਆ ਪਾਣੀ ਭਾਰੀ ਬਰਸਾਤ ਤੋਂ ਬਾਅਦ ਸ਼ਹਿਰ ਦੇ ਕਈ ਨੀਵੇਂ ਹਿੱਸਿਆਂ ਵਿਚ ਪਾਣੀ ਇਕੱਠਾ ਹੋ ਗਿਆ। ਸੜਕਾਂ ਅਤੇ ਰਸਤਿਆਂ ’ਤੇ ਪਾਣੀ ਭਰਨ ਕਾਰਨ ਪੈਦਲ ਲੰਘਣ ਵਾਲੇ ਲੋਕਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਦੀ ਰਫ਼ਤਾਰ ਵੀ ਹੌਲੀ ਹੋ ਗਈ। ਸ਼ਹਿਰ ਦੇ ਸਭ ਤੋਂ ਅਹਿਮ ਚੌਂਕ ਅੰਮ੍ਰਿਤਸਰ ਬਾਈਪਾਸ ’ਤੇ ਵੱਡੀ ਮਾਤਰਾ ਵਿਚ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ, ਜੋ ਕਾਫੀ ਦੇਰ ਤਕ ਜਮ੍ਹਾਂ ਰਿਹਾ। ਅਚਾਨਕ ਹੋਈ ਬਰਸਾਤ ਨੇ ਸ਼ਹਿਰ ਵਿਚ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਅਤੇ ਲੋਕਾਂ ਨੂੰ ਮੌਸਮ ਸਾਫ਼ ਹੋਣ ਦੀ ਉਡੀਕ ਕਰਨੀ ਪਈ। -------- ਬਾਕਸ- ਮੰਡੀਆਂ ’ਚ ਪਈ ਫ਼ਸਲ ਦੀ ਸੁਰੱਖਿਆ ਬਣੀ ਚਿੰਤਾ ਬਰਸਾਤ ਦਾ ਅਸਰ ਮੰਡੀਆਂ ਵਿਚ ਵੀ ਦੇਖਣ ਨੂੰ ਮਿਲਿਆ, ਜਿੱਥੇ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਪਾਣੀ ਦੀ ਲਪੇਟ ਵਿਚ ਆ ਗਈ। ਕਿਸਾਨਾਂ ਲਈ ਆਪਣੀ ਫ਼ਸਲ ਨੂੰ ਮੀਂਹ ਤੋਂ ਬਚਾਉਣਾ ਵੱਡੀ ਚੁਣੌਤੀ ਬਣ ਗਿਆ। ਮੌਸਮ ਦੀ ਅਚਾਨਕ ਤਬਦੀਲੀ ਕਾਰਨ ਫ਼ਸਲ ਦੀ ਸੰਭਾਲ ਅਤੇ ਉਸ ਨੂੰ ਪਾਣੀ ਤੋਂ ਬਚਾਉਣ ਦੀ ਚਿੰਤਾ ਵਧ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਪਈ ਫ਼ਸਲ ਦੀ ਸੁਰੱਖਿਆ ਲਈ ਸਮੇਂ ਸਿਰ ਢੁੱਕਵੇਂ ਪ੍ਰਬੰਧ ਹੋਣੇ ਜ਼ਰੂਰੀ ਹਨ, ਤਾਂ ਜੋ ਬੇਮੌਸਮੀ ਬਰਸਾਤ ਕਾਰਨ ਉਨ੍ਹਾਂ ਦੀ ਮਿਹਨਤ ਨੂੰ ਨੁਕਸਾਨ ਨਾ ਪਹੁੰਚੇ।