- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਦਾਣਾ ਮੰਡੀ ਸੁਰਸਿੰਘ ’ਚ ਭਰਿਆ ਪਾਣੀ

ਕਾਰਜ ਸਿੰਘ ਬਿੱਟੂ•, ਪੰਜਾਬੀ ਜਾਗਰਣ
ਸੁਰਸਿੰਘ : ਕਸਬਾ ਸੁਰਸਿੰਘ ਵਿਖੇ ਬਾਅਦ ਦੁਪਹਿਰ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ। ਜਿਥੇ ਖੇਤਾਂ ਵਿਚ ਖੜੀ ਫ਼ਸਲ ਨੂੰ ਨੁਕਸਾਨ ਪੁੱਜਣ ਦਾ ਖਦਸ਼ਾ ਹੈ। ਉਥੇ ਹੀ ਪਿੰਡ ਦੀ ਦਾਣਾ ਮੰਡੀ ’ਚ ਕਿਸਾਨਾਂ ਵੱਲੋਂ ਵਿਕਰੀ ਲਈ ਲਿਆਂਦਾ ਗਿਆ ਝੋਨਾ ਪਾਣੀ ਵਿਚ ਭਿੱਜ ਗਿਆ। ਇਸ ਮੌਕੇ ਮੰਡੀ ’ਚ ਪਾਣੀ ਭਰਨ ਕਾਰਨ ਫ਼ਸਲ ਦੀ ਸਾਂਭ ਸੰਭਾਲ ਅਤੇ ਖਰੀਦ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇਸ ਮੌਕੇ ਕਿਸਾਨ ਹਰਦਿਆਲ ਸਿੰਘ ਤੇ ਮੇਜਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਝੋਨੇ ਦੀ ਫ਼ਸਲ ਪਿਛਲੇ ਚਾਰ ਦਿਨਾਂ ਦਿਨਾਂ ਤੋਂ ਮੰਡੀ ਵਿਚ ਲੈ ਕੇ ਬੈਠੇ ਹਨ। ਮੰਡੀ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਅਤੇ ਫ਼ਸਲ ਨੂੰ ਬਚਾਉਣ ਲਈ ਲੋੜੀਂਦੇ ਪ੍ਰਬੰਧ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਕੁਝ ਕਿਸਾਨਾਂ ਨੇ ਆਪਣੇ ਪੱਧਰ ’ਤੇ ਤਰਪਾਲਾਂ ਦਾ ਪ੍ਰਬੰਧ ਕਰਕੇ ਫ਼ਸਲ ਨੂੰ ਮੀਂਹ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਕੁਝ ਪੀੜਤ ਕਿਸਾਨਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਫ਼ਸਲ ਤਿਆਰ ਕਰਨ ਲਈ ਭਾਰੀ ਮਿਹਨਤ ਅਤੇ ਖ਼ਰਚਾ ਕਰਦੇ ਹਨ। ਪਰ ਮੰਡੀ ’ਚ ਸਮੇਂ ਸਿਰ ਖ਼ਰੀਦ ਨਾ ਹੋਣ ਕਾਰਨ ਅਤੇ ਪ੍ਰਬੰਧਾ ਦੀ ਘਾਟ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ। ਇਸ ਮੌਕੇ ਮੰਡੀ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਰ ਅਚਾਨਕ ਪਏ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਤੇਜ਼ ਹਨ੍ਹੇਰੀ ਤੇ ਭਾਰੀ ਬਾਰਿਸ਼ ਕਾਰਨ ਫਲਦਾਰ ਬੂਟਿਆਂ ਤੇ ਡੰਗਰਾਂ ਦੇ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਮੌਕੇ ਸਮੂਹ ਆੜਤੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀ ਦੇ ਫੜ ਨੂੰ ਉੱਚਾ ਕਰਕੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦਾਣ ਮੰਡੀ ਵਿਚ ਡੇਢ਼ ਲੱਖ ਦੇ ਕਰੀਬ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਪਰ ਮੰਡੀ ਦਾ ਫੜ ਨੀਵਾਂ ਹੋਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਮੰਡੀ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਅਤੇ ਫ਼ਸਲ ਨੂੰ ਬਚਾਉਣ ਲਈ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।