ਪਰਾਲੀ ਨੂੰ ਅੱਗ ਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ… ਪਰਾਲੀ ਨੂੰ ਅੱਗ ਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ…
Publish Date: Sat, 24 Oct 2026 07:20 PM (IST)
Updated Date: Sat, 24 Oct 2026 07:22 PM (IST)
ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਖਡੂਰ ਸਾਹਿਬ ਦੇ ਐੱਸਡੀਐੱਮ ਸੰਜੀਵ ਸ਼ਰਮਾ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਅਤਿ ਨਾਜ਼ੁਕ ਪਿੰਡਾਂ ਆਲੀਆ, ਨਾਗੋਕੇ, ਨਾਗੋਕੇ ਮੋੜ, ਸਰਲੀ ਤੇ ਅਹਿਮਦਪੁਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਕਰਨ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਇਸ ਦੌਰੇ ਦੌਰਾਨ ਖੇਤੀਬਾੜੀ ਵਿਭਾਗ ਤੋਂ ਡਾ. ਯਾਦਵਿੰਦਰ ਸਿੰਘ ਤੇ ਡਾ. ਰੁਪਿੰਦਰਜੀਤ ਸਿੰਘ ਅਤੇ ਥਾਣਾ ਗੋਇੰਦਵਾਲ ਸਾਹਿਬ ਤੋਂ ਥਾਣੇਦਾਰ ਰਾਜੀਵ ਕੁਮਾਰ ਪੁਲਿਸ ਪਾਰਟੀ ਸਮੇਤ ਮੌਜੂਦ ਸਨ। ਟੀਮ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਆਧੁਨਿਕ ਤਰੀਕਿਆਂ, ਮਸ਼ੀਨਰੀ ਦੀ ਉਪਲਬੱਧਤਾ ਤੇ ਪਰਾਲੀ ਦੀ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ। =========== ਬਾਕਸ: ਪਰਾਲੀ ਦੇ ਡੰਪ ਦਾ ਦੌਰਾ, ਬੇਲਰਾਂ ਬਾਰੇ ਲਈ ਜਾਣਕਾਰੀ ਪਿੰਡ ਢੋਟਾ ’ਚ ਪਰਾਲੀ ਦੇ ਡੰਪ ਦਾ ਦੌਰਾ ਕਰਦਿਆਂ ਐੱਸਡੀਐੱਮ ਸੰਜੀਵ ਸ਼ਰਮਾ ਨੇ ਉਥੇ ਮੌਜੂਦ ਬੇਲਰਾਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਤੇ ਪਰਾਲੀ ਦੀਆਂ ਗੰਢਾਂ ਬਣਾਉਣ, ਮਸ਼ੀਨਰੀ ਦੀ ਉਪਲੱਬਧਤਾ ਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਬੇਲਰਾਂ ਰਾਹੀਂ ਗੰਢਾਂ ਬਣਵਾ ਕੇ ਇਸ ਦੀ ਸੁਚੱਜੀ ਵਰਤੋਂ ਕਰਨ, ਤਾਂ ਜੋ ਵਾਤਾਵਰਨ ਦੀ ਰੱਖਿਆ ਦੇ ਨਾਲ-ਨਾਲ ਖੇਤੀਬਾੜੀ ਦੇ ਸਰੋਤਾਂ ਨੂੰ ਵੀ ਸੰਭਾਲਿਆ ਜਾ ਸਕੇ। ---------- ਬਾਕਸ: ਪਰਾਲੀ ਨੂੰ ਅੱਗ ਲਗਾਉਣਾ ਅਗਲੀ ਪੀੜ੍ਹੀ ਦੀ ਸਿਹਤ ਨਾਲ ਖਿਲਵਾੜ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪਰਾਲੀ ਸਾੜਨਾ ਸਿਰਫ਼ ਖੇਤ ’ਚ ਅੱਗ ਲਗਾਉਣ ਤਕ ਸੀਮਿਤ ਨਹੀਂ, ਸਗੋਂ ਇਸ ਦਾ ਅਸਰ ਹਵਾ, ਮਿੱਟੀ, ਮਨੁੱਖੀ ਸਿਹਤ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਉੱਤੇ ਵੀ ਪੈਂਦਾ ਹੈ। ਪਰਾਲੀ ਸਾੜਨ ਨਾਲ ਮਿੱਟੀ ’ਚ ਮੌਜੂਦ ਲਾਭਕਾਰੀ ਜੀਵ ਅਤੇ ਮਿੱਤਰ ਕੀੜੇ ਨਸ਼ਟ ਹੁੰਦੇ ਹਨ ਤੇ ਮਿੱਟੀ ਦੇ ਕੁਦਰਤੀ ਗੁਣਾਂ ਨੂੰ ਨੁਕਸਾਨ ਪਹੁੰਚਦਾ ਹੈ। ਧੂੰਏਂ ਕਾਰਨ ਹਵਾ ਪ੍ਰਦੂਸ਼ਿਤ ਹੁੰਦੀ ਹੈ ਤੇ ਬੱਚਿਆਂ, ਬਜ਼ੁਰਗਾਂ ਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਵਿਅਕਤੀਆਂ ਲਈ ਮੁਸ਼ਕਿਲਾਂ ਵਧ ਸਕਦੀਆਂ ਹਨ। ਕਿਸਾਨਾਂ ਨੂੰ ਸਮਝਾਇਆ ਗਿਆ ਕਿ ਖੇਤ ’ਚ ਲਗਾਈ ਗਈ ਅੱਗ ਦਾ ਧੂੰਆਂ ਸਿਰਫ਼ ਆਪਣੇ ਪਿੰਡ ਤਕ ਸੀਮਿਤ ਨਹੀਂ ਰਹਿੰਦਾ, ਸਗੋਂ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਪਰਾਲੀ ਦਾ ਪ੍ਰਬੰਧਨ ਕਰਨਾ ਕੇਵਲ ਸਰਕਾਰੀ ਹਦਾਇਤ ਨਹੀਂ, ਬਲਕਿ ਸਮਾਜਿਕ ਤੇ ਵਾਤਾਵਰਨਕ ਜ਼ਿੰਮੇਵਾਰੀ ਵੀ ਹੈ। ------------- ਬਾਕਸ: ਕਿਸਾਨ ਪਰਾਲੀ ਸੰਭਾਲਣ, ਪ੍ਰਸ਼ਾਸਨ ਨਾਲ ਸਹਿਯੋਗ ਕਰਨ ਐੱਸਡੀਐੱਮ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਉਪਲੱਬਧ ਮਸ਼ੀਨਰੀ ਤੇ ਬੇਲਰ ਸੇਵਾਵਾਂ ਦਾ ਲਾਭ ਲੈਣ ਤੇ ਕਿਸੇ ਵੀ ਹਾਲਤ ’ਚ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਮਕਸਦ ਕਿਸਾਨਾਂ ਨੂੰ ਜਾਗਰੂਕ ਕਰਨਾ, ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਹੈ। ਉਨ੍ਹਾਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਪਰਾਲੀ ਸਾੜਨ ਸਬੰਧੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੋਣ ’ਤੇ ਲਾਗੂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਸੰਭਾਵੀ ਕਾਨੂੰਨੀ ਕਾਰਵਾਈ ਤੋਂ ਬਚਣ ਤੇ ਆਪਣੀ ਜ਼ਮੀਨ, ਸਿਹਤ ਤੇ ਵਾਤਾਵਰਨ ਦੀ ਰੱਖਿਆ ਲਈ ਪਰਾਲੀ ਪ੍ਰਬੰਧਨ ਨੂੰ ਤਰਜੀਹ ਦੇਣ।