ਸੜਕਾਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਥਾਂ-ਥਾਂ ਘੁੰਮ ਰਹੀਆਂ ਬੇਸਹਾਰਾ ਗਾਵਾਂ ਸੜਕਾਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਥਾਂ-ਥਾਂ ਘੁੰਮ ਰਹੀਆਂ ਹਨ ਬੇਸਹਾਰਾ ਗਾਵਾਂ
Publish Date: Sat, 24 Oct 2026 06:54 PM (IST)
Updated Date: Sat, 24 Oct 2026 06:58 PM (IST)
ਕੂੜੇ ਦੇ ਢੇਰਾਂ ’ਚੋਂ ਭੋਜਨ ਤਲਾਸ਼ਦਿਆਂ ਪਲਾਸਟਿਕ ਤੇ ਲਿਫਾਫੇ ਨਿਗਲਣ ਕਾਰਨ ਹੋ ਜਾਂਦੀਆਂ ਬਿਮਾਰ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ’ਚ ਬੇਸਹਾਰਾ ਗਾਵਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਜਿਥੇ ਸ਼ਹਿਰ ਵਾਸੀਆਂ ਲਈ ਆਵਾਜਾਈ ਤੇ ਸਫ਼ਾਈ ਨਾਲ ਸਬੰਧਿਤ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ, ਉਥੇ ਬੇਜ਼ੁਬਾਨ ਪਸ਼ੂਆਂ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸੜਕਾਂ, ਬਾਜ਼ਾਰਾਂ, ਗਲੀਆਂ ਤੇ ਕੂੜੇ ਦੇ ਡੰਪਾਂ ਦੇ ਆਲੇ-ਦੁਆਲੇ ਲਾਵਾਰਿਸ ਗਾਵਾਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ’ਚੋਂ ਕਈ ਗਾਵਾਂ ਆਪਣਾ ਪੇਟ ਭਰਨ ਲਈ ਕੂੜੇ ਦੇ ਢੇਰਾਂ ਤੋਂ ਖਾਣ ਲਈ ਕੁਝ ਲੱਭਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਗਾਵਾਂ ਦੀ ਹਾਲਤ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਬੇਸਹਾਰਾ ਗਾਵਾਂ ਕੂੜੇ ਦੇ ਢੇਰਾਂ ’ਚ ਮੂੰਹ ਮਾਰ ਕੇ ਚਾਰਾ ਲੱਭਦੀਆਂ ਦਿਖਾਈ ਦੇ ਰਹੀਆਂ ਹਨ। ਕੂੜੇ ’ਚ ਪਈਆਂ ਪਲਾਸਟਿਕ ਦੀਆਂ ਥੈਲੀਆਂ, ਪੈਕਿੰਗ ਦਾ ਸਮਾਨ, ਘਰੇਲੂ ਕੂੜਾ-ਕਰਕਟ ਤੇ ਹੋਰ ਗੰਦਗੀ ’ਚੋਂ ਖਾਣ ਵਾਲੀ ਵਸਤੂ ਲੱਭਣਾ ਇਨ੍ਹਾਂ ਪਸ਼ੂਆਂ ਲਈ ਰੋਜ਼ਾਨਾ ਦੀ ਮਜ਼ਬੂਰੀ ਬਣਦਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ’ਚ ਪਲਾਸਟਿਕ ਜਾਂ ਹੋਰ ਨੁਕਸਾਨਦਾਇਕ ਸਮੱਗਰੀ ਪਸ਼ੂਆਂ ਦੇ ਪੇਟ ’ਚ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸ਼ਹਿਰ ’ਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ ਪਰ ਪਿਛਲੇ ਸਮੇਂ ਦੌਰਾਨ ਇਸ ’ਚ ਵਾਧਾ ਹੋਣ ਦੀ ਗੱਲ ਸਥਾਨਕ ਪੱਧਰ ’ਤੇ ਸਾਹਮਣੇ ਆ ਰਹੀ ਹੈ। ਸਵੇਰ ਤੋਂ ਲੈ ਕੇ ਦੇਰ ਰਾਤ ਤਕ ਸੜਕਾਂ ’ਤੇ ਘੁੰਮਦੀਆਂ ਗਾਵਾਂ ਕਈ ਵਾਰ ਸੜਕ ਦੇ ਵਿਚਕਾਰ ਜਾਂ ਡਿਵਾਈਡਰਾਂ ਦੇ ਨੇੜੇ ਬੈਠੀਆਂ ਵੀ ਦਿਖਾਈ ਦਿੰਦੀਆਂ ਹਨ। ਵਾਹਨ ਚਾਲਕਾਂ ਨੂੰ ਇਨ੍ਹਾਂ ਤੋਂ ਬਚ ਕੇ ਵਾਹਨ ਲੰਘਾਉਣਾ ਪੈਂਦਾ ਹੈ, ਜਿਸ ਕਾਰਨ ਖ਼ਾਸ ਕਰਕੇ ਰਾਤ ਸਮੇਂ ਤੇ ਭੀੜ ਵਾਲੇ ਇਲਾਕਿਆਂ ’ਚ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਜੇਕਰ ਕੂੜਾ ਸਮੇਂ ਸਿਰ ਨਾ ਚੁੱਕਿਆ ਜਾਵੇ ਤਾਂ ਲਾਵਾਰਿਸ ਪਸ਼ੂ ਉਸ ਵੱਲ ਖਿੱਚੇ ਜਾਂਦੇ ਹਨ। ਕੂੜੇ ’ਚੋਂ ਖਾਣ ਵਾਲੀ ਵਸਤੂ ਲੱਭਣ ਦੇ ਚੱਕਰ ’ਚ ਗਾਵਾਂ ਕੂੜੇ ਦੇ ਢੇਰ ਖਿਲਾਰ ਦਿੰਦੀਆਂ ਹਨ, ਜਿਸ ਨਾਲ ਪਹਿਲਾਂ ਹੀ ਮੌਜੂਦ ਸਫ਼ਾਈ ਦੀ ਸਮੱਸਿਆ ਹੋਰ ਵਧ ਜਾਂਦੀ ਹੈ। ਇਸ ਤਰ੍ਹਾਂ ਇਕ ਪਾਸੇ ਕੂੜਾ ਸੜਕਾਂ ਤੇ ਗਲੀਆਂ ’ਚ ਫੈਲਦਾ ਹੈ। ਇਸ ਸਮੱਸਿਆ ਦਾ ਇਕ ਪੱਖ ਇਹ ਵੀ ਹੈ ਕਿ ਜਦੋਂ ਪਾਲਤੂ ਗਾਵਾਂ ਜਾਂ ਹੋਰ ਪਸ਼ੂਆਂ ਨੂੰ ਮਾਲਕਾਂ ਵੱਲੋਂ ਸੜਕਾਂ ’ਤੇ ਛੱਡ ਦਿੱਤਾ ਜਾਂਦਾ ਹੈ ਤਾਂ ਉਹ ਹੌਲੀ-ਹੌਲੀ ਲਾਵਾਰਿਸ ਪਸ਼ੂਆਂ ਦੇ ਝੁੰਡਾਂ ਦਾ ਹਿੱਸਾ ਬਣ ਜਾਂਦੇ ਹਨ। ਪਸ਼ੂਆਂ ਦੇ ਮਾਲਕਾਂ ਦੀ ਜ਼ਿੰਮੇਵਾਰੀ, ਪਸ਼ੂਆਂ ਲਈ ਢੁੱਕਵੇਂ ਆਸਰੇ ਤੇ ਸ਼ਹਿਰੀ ਪੱਧਰ ’ਤੇ ਲਾਵਾਰਿਸ ਪਸ਼ੂਆਂ ਦੀ ਸੰਭਾਲ ਆਦਿ ਸਾਰੇ ਮਾਮਲਿਆਂ ’ਤੇ ਇਕੱਠੇ ਧਿਆਨ ਦੇਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬੇਸਹਾਰਾ ਗਾਵਾਂ ਨੂੰ ਕੂੜੇ ’ਚੋਂ ਖਾਣਾ ਖਾਂਦਿਆਂ ਦੇਖਣਾ ਸ਼ਹਿਰ ਦੀ ਸਫ਼ਾਈ ਵਿਵਸਥਾ ਦੇ ਨਾਲ-ਨਾਲ ਪਸ਼ੂਆਂ ਦੀ ਦੇਖਭਾਲ ਸਬੰਧੀ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ---------- ਬਾਕਸ- ਸੜਕ ਸੁਰੱਖਿਆ ਤੇ ਪਸ਼ੂ ਭਲਾਈ ਨਾਲ ਜੁੜਿਆ ਹੈ ਮਾਮਲਾ: ਸਾਹਿਲ ਰਾਸ਼ਟਰੀ ਭਗਵਾਂ ਸੈਨਾ ਦੇ ਪੰਜਾਬ ਮੀਡੀਆ ਇੰਚਾਰਜ ਬੀਐੱਸ ਸਾਹਿਲ ਨੇ ਕਿਹਾ ਕਿ ਲਾਵਾਰਿਸ ਗਾਵਾਂ ਦੀ ਮੌਜੂਦਗੀ ਸਿਰਫ਼ ਸੜਕ ਸੁਰੱਖਿਆ ਜਾਂ ਸਫ਼ਾਈ ਦਾ ਮਸਲਾ ਨਹੀਂ, ਸਗੋਂ ਪਸ਼ੂ ਭਲਾਈ ਨਾਲ ਵੀ ਜੁੜਿਆ ਹੋਇਆ ਹੈ। ਜਿਹੜੇ ਪਸ਼ੂ ਕੂੜੇ ਦੇ ਢੇਰਾਂ ’ਚੋਂ ਆਪਣਾ ਭੋਜਨ ਲੱਭਦੇ ਹਨ, ਉਨ੍ਹਾਂ ਨੂੰ ਨਾ ਤਾਂ ਨਿਯਮਤ ਪੌਸ਼ਟਿਕ ਖੁਰਾਕ ਮਿਲਦੀ ਹੈ ਤੇ ਨਾ ਹੀ ਬਿਮਾਰੀ ਜਾਂ ਸੱਟ ਲੱਗਣ ਦੀ ਸੂਰਤ ’ਚ ਲੋੜੀਂਦੀ ਦੇਖਭਾਲ। ਕਈ ਵਾਰ ਕੂੜੇ ’ਚ ਪਈਆਂ ਨੁਕੀਲੀਆਂ ਵਸਤਾਂ, ਕੱਚ ਜਾਂ ਹੋਰ ਖ਼ਤਰਨਾਕ ਸਮੱਗਰੀ ਕਾਰਨ ਪਸ਼ੂਆਂ ਦੇ ਜ਼ਖ਼ਮੀ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਰਫ਼ ਕਦੇ-ਕਦਾਈਂ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣਾ ਕਾਫ਼ੀ ਨਹੀਂ ਹੋਵੇਗਾ। ਇਸ ਲਈ ਨਗਰ ਕੌਂਸਲ ਤੇ ਸਬੰਧਿਤ ਵਿਭਾਗਾਂ ਨੂੰ ਮਿਲ ਕੇ ਪੱਕੀ ਯੋਜਨਾ ਤਿਆਰ ਕਰਨ ਦੀ ਲੋੜ ਹੈ। ----------- ਬਾਕਸ- ਜ਼ਖ਼ਮੀ ਜਾਂ ਬਿਮਾਰ ਪਸ਼ੂਆਂ ਦੇ ਇਲਾਜ਼ ਵਰਗੇ ਕਦਮ ਚੁੱਕਣ ਦੀ ਲੋੜ: ਡਾ. ਲੌਹੁਕਾ ਸਮਾਜ ਸੇਵੀ ਡਾ. ਸੁਖਦੇਵ ਸਿੰਘ ਲੌਹੁਕਾ ਨੇ ਕਿਹਾ ਕਿ ਸ਼ਹਿਰ ’ਚ ਲਾਵਾਰਿਸ ਗਾਵਾਂ ਦੀ ਗਿਣਤੀ ਦਾ ਸਰਵੇ ਕਰਵਾਉਣ, ਉਨ੍ਹਾਂ ਦੀ ਪਛਾਣ ਕਰਨ, ਜ਼ਖ਼ਮੀ ਜਾਂ ਬਿਮਾਰ ਪਸ਼ੂਆਂ ਲਈ ਇਲਾਜ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ’ਤੇ ਰੱਖਣ ਵਰਗੇ ਕਦਮ ਚੁੱਕਣ ਦੀ ਲੋੜ ਹੈ। ਇਸ ਦੇ ਨਾਲ ਹੀ ਸ਼ਹਿਰ ’ਚ ਕੂੜਾ ਇਕੱਠਾ ਕਰਨ ਤੇ ਉਸ ਦੀ ਢੁੱਕਵੀਂ ਸੰਭਾਲ ਦਾ ਪ੍ਰਬੰਧ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ। ਜੇਕਰ ਖੁੱਲ੍ਹੇ |ਚ ਕੂੜੇ ਦੇ ਢੇਰ ਨਹੀਂ ਬਣਨਗੇ ਤਾਂ ਲਾਵਾਰਿਸ ਪਸ਼ੂਆਂ ਦੇ ਉਥੇ ਇਕੱਠੇ ਹੋਣ ਦੀ ਸੰਭਾਵਨਾ ਵੀ ਘਟੇਗੀ। ਘਰਾਂ, ਦੁਕਾਨਾਂ ਤੇ ਬਾਜ਼ਾਰਾਂ ’ਚੋਂ ਨਿਕਲਣ ਵਾਲਾ ਕੂੜਾ ਨਿਰਧਾਰਤ ਥਾਵਾਂ ’ਤੇ ਪਾਉਣ ਤੇ ਉਸ ਨੂੰ ਸਮੇਂ ਸਿਰ ਚੁੱਕਣ ਦੀ ਵਿਵਸਥਾ ਵੀ ਇਸ ਸਮੱਸਿਆ ਨਾਲ ਨਜਿੱਠਣ ’ਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ----------- ਬਾਕਸ - ਗਾਵਾਂ ਦੀ ਮੌਜੂਦਗੀ ਵਾਲੀਆਂ ਥਾਵਾਂ ਦੀ ਪਛਾਣ ਹੋਵੇ ਤਾਂ ਘਟਣਗੇ ਸੜਕ ਹਾਦਸੇ: ਅਰੋੜਾ ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟਰੈਫਿਕ ਹੈਲਪ ਸਾਥ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਕਿਹਾ ਕਿ ਸੜਕ ਸੁਰੱਖਿਆ ਦੇ ਪੱਖ ਤੋਂ ਵੀ ਪ੍ਰਸ਼ਾਸਨ ਨੂੰ ਅਜਿਹੀਆਂ ਥਾਵਾਂ ਦੀ ਪਛਾਣ ਕਰਨ ਦੀ ਲੋੜ ਹੈ, ਜਿਥੇ ਗਾਵਾਂ ਦੇ ਝੁੰਡ ਅਕਸਰ ਸੜਕਾਂ ’ਤੇ ਬੈਠਦੇ ਜਾਂ ਘੁੰਮਦੇ ਹਨ। ਇਨ੍ਹਾਂ ਥਾਵਾਂ ’ਤੇ ਰਾਤ ਸਮੇਂ ਰੌਸ਼ਨੀ, ਚੇਤਾਵਨੀ ਸੰਕੇਤ ਤੇ ਹੋਰ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਦੇ ਹਨ। ਖ਼ਾਸ ਕਰਕੇ ਮੁੱਖ ਸੜਕਾਂ ਤੇ ਭੀੜ ਵਾਲੇ ਬਾਜ਼ਾਰਾਂ ’ਚ ਇਸ ਪਾਸੇ ਤੁਰੰਤ ਧਿਆਨ ਦੇਣਾ ਜ਼ਰੂਰੀ ਹੈ। ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ |ਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਸਿਰਫ਼ ਸਫ਼ਾਈ ਜਾਂ ਟ੍ਰੈਫਿਕ ਦੀ ਸਮੱਸਿਆ ਨਾ ਸਮਝਿਆ ਜਾਵੇ, ਸਗੋਂ ਮਨੁੱਖੀ ਸੁਰੱਖਿਆ, ਸ਼ਹਿਰੀ ਸਫ਼ਾਈ ਤੇ ਬੇਜ਼ੁਬਾਨ ਪਸ਼ੂਆਂ ਦੀ ਭਲਾਈ ਵਾਲੇ ਪੱਖਾਂ ਤੋਂ ਇਸ ਦਾ ਪੱਕਾ ਹੱਲ ਯਕੀਨੀ ਬਣੇ।