ਫਿਰੌਤੀ ਦੇ ਮਾਮਲੇ ਨੂੰ ਲੈ ਕੇ ਟਿੰਕੂ ਮੋਬਾਈਲ ਵਰਲਡ ਦੀ ਦੁਕਾਨ ’ਤੇ ਚੱਲੀ ਗੋਲੀ ਫਿਰੌਤੀ ਦੇ ਮਾਮਲੇ ਨੂੰ ਲੈ ਕੇ ਟਿੰਕੂ ਮੋਬਾਈਲ ਵਰਲਡ ਦੀ ਦੁਕਾਨ ’ਤੇ ਚੱਲੀ ਗੋਲੀ
Publish Date: Sat, 24 Oct 2026 05:56 PM (IST)
Updated Date: Sat, 24 Oct 2026 05:58 PM (IST)
ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਕਸਬਾ ਭਿੱਖੀਵਿੰਡ ’ਚ ਫਿਰੌਤੀ ਦੇ ਮਾਮਲਿਆਂ ਨੂੰ ਲੈ ਕੇ ਵਪਾਰੀਆਂ ਅਤੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਦੁਪਹਿਰ ਅੰਮ੍ਰਿਤਸਰ ਰੋਡ ’ਤੇ ਪੂਹਲਾ ਗੇਟ ਦੇ ਅੰਦਰ ਸਥਿਤ ਟਿੰਕੂ ਮੋਬਾਈਲ ਵਰਲਡ ਦੀ ਦੁਕਾਨ ’ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਗਨੀਮਤ ਰਹੀ ਕਿ ਗੋਲੀ ਦੁਕਾਨ ਦੇ ਸ਼ੀਸ਼ੇ ’ਤੇ ਲੱਗੀ ਅਤੇ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਅਤੇ ਲੋਕਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਨੇ ਕਸਬੇ ਵਿਚ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁੱਢਲੀ ਜਾਣਕਾਰੀ ਅਨੁਸਾਰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਦੁਕਾਨ ਦੇ ਬਾਹਰੀ ਪੁੱਜੇ ਅਤੇ ਗੋਲੀ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭਿੱਖੀਵਿੰਡ ਦੇ ਮੁਖੀ ਹਰਪ੍ਰੀਤ ਸਿੰਘ ਵਿਰਕ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਤਕ ਪਹੁੰਚਿਆ ਜਾ ਸਕੇ। ਇਸ ਸਬੰਧੀ ਥਾਣਾ ਮੁਖੀ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਫਿਰੌਤੀ ਦੀਆਂ ਧਮਕੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਕਸਬੇ ਦੇ ਦੁਕਾਨਦਾਰਾਂ ਅਤੇ ਵਪਾਰੀਆਂ ’ਚ ਚਿੰਤਾ ਵਧ ਰਹੀ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਲਈ ਪੁਲਿਸ ਦੀ ਕਾਰਵਾਈ ਅਹਿਮ ਮੰਨੀ ਜਾ ਰਹੀ ਹੈ।