- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਜਾਇਆ ਅਲੌਕਿਕ ਨਗਰ ਕੀਰਤਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਨੇ ਭਰੀ ਹਾਜ਼ਰੀ
ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ-ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਸੰਗਤਾਂ ਨੇ ਸ਼ਬਦ ਗਾਇਨ ਕੀਤਾ ਤੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਨਗਰ ਕੀਰਤਨ ਸਕੂਲ ’ਚ ਸਥਿਤ ਸ੍ਰੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਤਹਿਸੀਲ ਕੰਪਲੈਕਸ ’ਚੋਂ ਹੁੰਦਾ ਹੋਇਆ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਪਹੁੰਚਿਆ। ਇਸ ਤੋਂ ਬਾਅਦ ਮੁੱਖ ਬਾਜ਼ਾਰ ’ਚੋਂ ਲੰਘਦਿਆਂ ਸੰਗਤਾਂ ਗੁਰਦੁਆਰਾ ਭਾਈ ਪ੍ਰਤਾਪ ਸਿੰਘ ਤੇ ਭਾਈ ਹਿੰਮਤ ਸਿੰਘ ਵਿਖੇ ਨਤਮਸਤਕ ਹੋਈਆਂ।
ਉਪਰੰਤ ਨਗਰ ਕੀਰਤਨ ਬਾਬਾ ਬਿਧੀ ਚੰਦ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਭੱਠ ਸਾਹਿਬ ਵਿਖੇ ਪਹੁੰਚਿਆ, ਜਿਥੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ-ਬੇਨਤੀ ਉਪਰੰਤ ਜੈਕਾਰਿਆਂ ਦੀ ਗੂੰਜ ’ਚ ਨਗਰ ਕੀਰਤਨ ਦੀ ਸਮਾਪਤੀ ਹੋਈ।
ਇਸ ਮੌਕੇ ਵਾਈਸ ਪ੍ਰਿੰਸੀਪਲ ਨੀਰੂ ਸ਼ਰਮਾ, ਸੁਪਰਵਾਈਜ਼ਰ ਕਰਮਜੀਤ ਕੌਰ, ਪਰਦੀਪ ਕੌਰ, ਰੁਪਿੰਦਰ ਕੌਰ ਨੰਦਾ, ਰਣਜੀਤ ਕੌਰ, ਹਰਪ੍ਰੀਤ ਕੌਰ ਚੀਮਾ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
----------
ਬਾਕਸ-
ਥਾਂ-ਥਾਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ
ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਫਲਾਂ, ਚਾਹ-ਪਾਣੀ, ਛਬੀਲ, ਬਿਸਕੁਟਾਂ ਤੇ ਮਿੱਠੇ ਪ੍ਰਸ਼ਾਦ ਦੇ ਲੰਗਰ ਲਗਾਏ ਗਏ। ਤਹਿਸੀਲ ਕੰਪਲੈਕਸ ਦੇ ਸਮੂਹ ਮੈਂਬਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਰਦੂਲ ਸਿੰਘ ਕਰਿਆਨੇ ਵਾਲੇ, ਜੌਲੀ ਫੋਟੋ ਸਟੂਡੀਓ, ਬਾਬਾ ਬੁੱਢਾ ਜੀ ਸੇਵਾ ਸੰਸਥਾ, ਬਾਬਾ ਦੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਵੱਲੋਂ ਸੰਗਤਾਂ ਦੀ ਸੇਵਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਇਸ ਮੌਕੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ, ਸਕੂਲ ਦੇ ਮੈਂਬਰ ਇੰਚਾਰਜਾਂ, ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨੂੰ ਗੁਰੂ ਦੀ ਬਖ਼ਸ਼ਿਸ਼ ਵਜੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਵੱਲੋਂ ਨਗਰ ਕੀਰਤਨ ਦੌਰਾਨ ਪੂਰੀ ਸ਼ਰਧਾ ਨਾਲ ਸੇਵਾ ਨਿਭਾਈ ਗਈ।
---------
ਬਾਕਸ -
ਬੱਚਿਆਂ ਨੇ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ
ਗੁਰਦੁਆਰਾ ਭੱਠ ਸਾਹਿਬ ਵਿਖੇ ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਬੱਚਿਆਂ ਨੇ ਕਵੀਸ਼ਰੀ ਤੇ ਕਵਿਤਾਵਾਂ ਰਾਹੀਂ ਸਿੱਖ ਇਤਿਹਾਸ ਦੀਆਂ ਬਾਤਾਂ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸਕੂਲ ਦੇ ਧਾਰਮਿਕ ਅਧਿਆਪਕ ਜਗਜੀਤ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਸੰਖੇਪ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਨਿਮਰਤਾ, ਸੇਵਾ, ਸਿਮਰਨ ਤੇ ਮਨੁੱਖਤਾ ਦੀ ਭਲਾਈ ਦਾ ਮਹਾਨ ਸੰਦੇਸ਼ ਦਿੰਦਾ ਹੈ। ਭਾਈ ਜੇਠਾ ਜੀ ਦੇ ਨਾਂ ਨਾਲ ਜਾਣੇ ਜਾਂਦੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਅਪਾਰ ਬਖ਼ਸ਼ਿਸ਼ਾਂ ਨਾਲ ਨਿਵਾਜਿਆ ਤੇ ਉਹ ਸਿੱਖ ਜਗਤ ਦੇ ਚੌਥੇ ਗੁਰੂ ਬਣੇ। ਸ੍ਰੀ ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਦੁਨੀਆਂ ਭਰ ਦੀਆਂ ਸੰਗਤਾਂ ਗੁਰੂ ਘਰਾਂ ’ਚ ਨਤਮਸਤਕ ਹੁੰਦੀਆਂ ਹਨ ਤੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲਣ ਦਾ ਯਤਨ ਕਰਦੀਆਂ ਹਨ।
----------
ਬਾਕਸ -
ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਕੀਤਾ ਧੰਨਵਾਦ
ਸਕੂਲ ਦੇ ਮੈਂਬਰ ਇੰਚਾਰਜ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ, ਸਰਬਜੀਤ ਸਿੰਘ ਤੇ ਪ੍ਰਿੰਸੀਪਲ ਜਸਬੀਰ ਕੌਰ ਸੈਣੀ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਗੁਰਦੁਆਰਾ ਸਾਹਿਬਾਨ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ, ਮੁਖੀ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ, ਜਥੇਦਾਰ ਯਾਦਵਿੰਦਰ ਸਿੰਘ, ਕਥਾਵਾਚਕ ਜਗਬੀਰ ਸਿੰਘ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ, ਪ੍ਰਸ਼ਾਸਨ ਤੇ ਤਹਿਸੀਲ ਕੰਪਲੈਕਸ ਦੇ ਸਮੂਹ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਸਾਰੀਆਂ ਸੰਸਥਾਵਾਂ ਤੇ ਸਹਿਯੋਗੀਆਂ ਵੱਲੋਂ ਬੱਚਿਆਂ ਤੇ ਸੰਗਤਾਂ ਦੀ ਸੇਵਾ ਲਈ ਭਰਪੂਰ ਸਹਿਯੋਗ ਦਿੱਤਾ ਗਿਆ, ਜਿਸ ਲਈ ਸਕੂਲ ਪ੍ਰਬੰਧਕ ਸਦਾ ਰਿਣੀ ਰਹਿਣਗੇ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ, ਗੁਰਬਾਣੀ ਤੇ ਉਪਦੇਸ਼ਾਂ ਤੋਂ ਸਿੱਖਿਆ ਲੈ ਕੇ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਅਪਣਾਉਣ ਦੀ ਅਪੀਲ ਕੀਤੀ।