ਪਹਿਲਾਂ ਮੰਗੀ ਫ਼ੀਰੌਤੀ, ਫਿਰ ਡਾਕਟਰ ਦੇ ਘਰ ਬਾਹਰ ਚਲਾਈਆਂ ਗੋਲੀਆਂ ਪਹਿਲਾਂ ਮੰਗੀ ਫਿਰੌਤੀ, ਫਿਰ ਡਾਕਟਰ ਦੇ ਘਰ ਬਾਹਰ ਚਲਾਈਆਂ ਗੋਲੀਆਂ
Publish Date: Sat, 24 Oct 2026 05:17 PM (IST)
Updated Date: Sat, 24 Oct 2026 05:19 PM (IST)
ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਦੀ ਹਰਕਤ ਸੀਸੀਟੀਵੀ ਕੈਮਰੇ ’ਚ ਕੈਦ, ਪੁਲਿਸ ਨੇ ਸ਼ੁਰੂ ਕੀਤੀ ਜਾਂਚ ਰਾਕੇਸ਼ ਨਈਅਰ•, ਪੰਜਾਬੀ ਜਾਗਰਣ ਚੋਹਲਾ ਸਾਹਿਬ : ਜ਼ਿਲ੍ਹਾ ਤਰਨਤਾਰਨ ’ਚ ਫ਼ਿਰੌਤੀ ਦੀਆਂ ਮੰਗਾਂ ਤੇ ਦਹਿਸ਼ਤ ਫੈਲਾਉਣ ਲਈ ਕੀਤੀਆਂ ਜਾ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਨ੍ਹਾਂ ਘਟਨਾਵਾਂ ਕਾਰਨ ਕਾਰੋਬਾਰੀਆਂ, ਦੁਕਾਨਦਾਰਾਂ ਤੇ ਆਮ ਲੋਕਾਂ ’ਚ ਭਾਰੀ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਘਟਨਾ ’ਚ ਕਸਬਾ ਚੋਹਲਾ ਸਾਹਿਬ ’ਚ ਫਿਰੌਤੀ ਲਈ ਕਥਿਤ ਫੋਨ ਕਾਲਾਂ ਆਉਣ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਇਕ ਡਾਕਟਰ ਦੇ ਘਰ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਬੀਤੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 1 ਵਜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਗਲਤੀ ਨਾਲ ਡਾਕਟਰ ਦੇ ਗੁਆਂਢੀ ਦੇ ਘਰ ਦੇ ਬਾਹਰ ਲੱਗੇ ਗੇਟ ’ਤੇ ਜਾ ਲੱਗੀਆਂ। ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨਕਾਬਪੋਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਚੋਹਲਾ ਸਾਹਿਬ ਦੇ ਐੱਸਐੱਚਓ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੂੰ ਵਾਰਦਾਤ ਵਾਲੀ ਥਾਂ ਦੇ ਨੇੜਿਓ ਗੋਲੀਆਂ ਦੇ ਕੁਝ ਖੋਲ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ, ਗੋਲੀਬਾਰੀ ਨੂੰ ਅੰਜਾਮ ਦੇਣ ਵਾਲੇ ਦੋਵੇਂ ਨਕਾਬਪੋਸ਼ ਨੌਜਵਾਨਾਂ ਦੀਆਂ ਤਸਵੀਰਾਂ ਗਲੀ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ ਹਨ। ਥਾਣਾ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਅਤੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਤਕ ਪਹੁੰਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਾਰਦਾਤ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ---------- ਬਾਕਸ: 7 ਅਕਤੂਬਰ ਨੂੰ ਵੀ ਵਪਾਰੀ ਦੇ ਘਰ ਬਾਹਰ ਚੱਲੀਆਂ ਸਨ ਗੋਲੀਆਂ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੀ 7 ਅਕਤੂਬਰ ਨੂੰ ਵੀ ਕਸਬੇ ’ਚ ਇਕ ਵਪਾਰੀ ਦੇ ਘਰ ਬਾਹਰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦੀ ਘਟਨਾ ਵਾਪਰੀ ਸੀ। ਇਸ ਵਾਰਦਾਤ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ ਸਨ। ਇਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ ਪਰ ਖ਼ਬਰ ਲਿਖੇ ਜਾਣ ਤਕ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ। ਕਸਬੇ ਅਤੇ ਆਸ-ਪਾਸ ਦੇ ਇਲਾਕਿਆਂ ’ਚ ਲਗਾਤਾਰ ਵਾਪਰ ਰਹੀਆਂ ਫਿਰੌਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਕ ਪਾਸੇ ਕਾਰੋਬਾਰੀ ਤੇ ਦੁਕਾਨਦਾਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਉਥੇ ਹੀ ਆਮ ਲੋਕਾਂ ’ਚ ਵੀ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਗਸ਼ਤ ਵਧਾਈ ਜਾਵੇ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਇਆ ਜਾਵੇ।