ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ
Publish Date: Sat, 24 Oct 2026 04:53 PM (IST)
Updated Date: Sat, 24 Oct 2026 04:55 PM (IST)
ਰਾਜਨ ਚੋਪੜਾ•, ਪੰਜਾਬੀ ਜਾਗਰਣ ਭਿੱਖੀਵਿੰਡ : ਨੇੜਲੇ ਪਿੰਡ ਚੇਲਾ ਦੇ ਵਸਨੀਕ 40 ਸਾਲਾ ਗੁਰਸੇਵਕ ਸਿੰਘ ਪੁੱਤਰ ਬਗੀਚਾ ਸਿੰਘ ਦੀ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਹਾਦਸੇ ’ਚ ਪਰਿਵਾਰ ਦੇ ਕਮਾਊ ਜੀਅ ਦੀ ਮੌਤ ਹੋਣ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਇਸ ਸਬੰਧੀ ਮ੍ਰਿਤਕ ਦੇ ਚਾਚੇ ਦੇ ਪੁੱਤਰ ਮੰਗਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਚੇਲਾ ਨੇ ਦੱਸਿਆ ਕਿ ਸ਼ੁੱਕਰਵਾਰ ਕਰੀਬ 7 ਵਜੇ ਸ਼ਾਮੀ ਗੁਰਸੇਵਕ ਸਿੰਘ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਤੋਂ ਚੇਲਾ ਕਲੋਨੀ ਵੱਲ ਕਿਸੇ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਰਸਤੇ ’ਚ ਇਕ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਗੁਰਸੇਵਕ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਰਿਵਾਰ ਨੂੰ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲੀ, ਜਿਸ ਕਾਰਨ ਘਰ ’ਚ ਮਾਤਮ ਛਾ ਗਿਆ। ਮੰਗਾ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਪਰਿਵਾਰ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਅਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ’ਤੇ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ ਅਤੇ ਪਰਿਵਾਰ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਅਣਪਛਾਤੇ ਵਾਹਨ ਅਤੇ ਉਸ ਦੇ ਚਾਲਕ ਦੀ ਪਛਾਣ ਕਰਕੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਇਸ ਮਾਮਲੇ ਸਬੰਧੀ ਥਾਣਾ ਭਿੱਖੀਵਿੰਡ ਦੇ ਮੁਖੀ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਥਾਣੇ ’ਚ ਦਰਖਾਸਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।