'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬ੍ਰਹਮਪੁਰਾ ਦੀ ਮੁਲਾਕਾਤ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬ੍ਰਹਮਪੁਰਾ ਦੀ ਮੁਲਾਕਾਤ
Publish Date: Fri, 23 Oct 2026 07:12 PM (IST)
Updated Date: Fri, 23 Oct 2026 07:15 PM (IST)
ਆਪ ਸੁਪਰੀਮੋ ਨਾਲ ਪਹਿਲੀ ਰਸਮੀ ਮੁਲਾਕਾਤ, ਬੋਲੇ ਪਾਰਟੀ ਦਾ ਸੱਚਾ ਸਿਪਾਹੀ ਬਣ ਕੇ ਨਿਭਾਵਾਂਗਾ ਹਰ ਜ਼ਿੰਮੇਵਾਰੀ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ਤੇ ਵਿਸ਼ੇਸ਼ ਮੁਲਾਕਾਤ ਕੀਤੀ। ਆਪ ’ਚ ਸ਼ਾਮਿਲ ਹੋਣ ਤੋਂ ਬਾਅਦ ਪਾਰਟੀ ਸੁਪਰੀਮੋ ਨਾਲ ਉਨ੍ਹਾਂ ਦੀ ਇਹ ਪਹਿਲੀ ਤੇ ਰਸਮੀ ਮੁਲਾਕਾਤ ਸੀ, ਜਿਸ ਦੌਰਾਨ ਪੰਜਾਬ ਨਾਲ ਜੁੜੇ ਅਹਿਮ ਰਾਜਨੀਤਿਕ ਵਿਸ਼ਿਆਂ ਤੇ ਡੂੰਘੀਆਂ ਚਰਚਾਵਾਂ ਹੋਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਚਾਂਦਨੀ ਚੌਂਕ ਤੋਂ ਆਪ ਵਿਧਾਇਕ ਪੁਨਰਦੀਪ ਸਾਹਨੀ ਅਤੇ ਬ੍ਰਹਮਪੁਰਾ ਦੇ ਸਪੁੱਤਰ ਕੰਵਰਦੀਪ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ। ਮੁਲਾਕਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਮਰਹੂਮ ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀਆਂ ਪੰਜਾਬ ਪ੍ਰਤੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਹੀ ਅਸਲੀ ਟਕਸਾਲੀ ਅਕਾਲੀ ਲੀਡਰ ਸਨ, ਜਿਨ੍ਹਾਂ ਨੂੰ ਹਮੇਸ਼ਾ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਸੱਚੀ ਫ਼ਿਕਰ ਸੀ। ਜ਼ਿਕਰਯੋਗ ਹੈ ਕਿ ਜਥੇਦਾਰ ਬ੍ਰਹਮਪੁਰਾ ਨੇ ਪੰਜਾਬ ਦੇ ਹੱਕਾਂ ਲਈ ਐੱਨਐੱਸਏ, ਟਾਂਡਾ ਅਤੇ ਐਸਮਾ ਵਰਗੇ ਸਖ਼ਤ ਕਾਨੂੰਨਾਂ ਤਹਿਤ 12 ਸਾਲ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਕੱਟਿਆ। ਉਨ੍ਹਾਂ ਦੇ ਸਿਆਸੀ ਸੰਘਰਸ਼ ਦੀਆਂ ਜੜ੍ਹਾਂ ਇਸ ਖਿੱਤੇ ਵਿਚ ਬੇਹੱਦ ਡੂੰਘੀਆਂ ਰਹੀਆਂ ਹਨ। ਸੰਨ 1961-62 ਵਿਚ ਜਦੋਂ ਅਕਾਲੀ ਆਗੂ ਜਥੇਦਾਰ ਮੋਹਨ ਸਿੰਘ ਤੁੜ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਆਲੋਚਨਾ ਕਰਨ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤੁੜ ਸਾਹਿਬ ਨੇ ਜੇਲ੍ਹ ’ਚ ਰਹਿੰਦਿਆਂ ਕੈਰੋਂ ਵਿਰੁੱਧ ਚੋਣ ਲੜੀ ਸੀ, ਤਾਂ ਜਥੇਦਾਰ ਬ੍ਰਹਮਪੁਰਾ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਦਿੱਤਾ ਸੀ। ਉਸ ਦੌਰ ਵਿਚ ਜਦੋਂ ਪੱਟੀ ਵੱਖਰਾ ਹਲਕਾ ਨਹੀਂ ਸੀ ਅਤੇ ਨੌਸ਼ਹਿਰਾ ਪੰਨੂਆਂ ਹਲਕਾ ਹੁੰਦਾ ਸੀ, ਤਾਂ ਜਥੇਦਾਰ ਬ੍ਰਹਮਪੁਰਾ ਨੇ ਉੱਥੋਂ ਕਈ ਵਾਰ ਚੋਣ ਲੜੀ ਅਤੇ 1977 ਵਿਚ ਪਹਿਲੀ ਵਾਰ ਵਿਧਾਇਕ ਬਣਕੇ ਤਤਕਾਲੀ ਮੁੱਖ ਮੰਤਰੀ ਕੈਰੋਂ ਪਰਿਵਾਰ ਨੂੰ ਸਿਆਸੀ ਮਾਤ ਦਿੱਤੀ ਸੀ। ਉਹ ਚਾਰ ਵਾਰ ਵਿਧਾਇਕ ਅਤੇ 2014 ਤੋਂ 2019 ਤਕ ਲੋਕ ਸਭਾ ਮੈਂਬਰ ਵੀ ਰਹੇ। ਸਿਆਸੀ ਗਲਿਆਰਿਆਂ ਵਿਚ ਇਸ ਅਹਿਮ ਮੁਲਾਕਾਤ ਦੇ ਬਹੁਤ ਡੂੰਘੇ ਰਾਜਨੀਤਿਕ ਅਰਥ ਕੱਢੇ ਜਾ ਰਹੇ ਹਨ। ਸਿਆਸੀ ਗਲਿਆਰਿਆਂ ਵਿਚ ਇਸ ਮੀਟਿੰਗ ਤੋਂ ਬਾਅਦ ਉੱਭਰੇ ਸੰਕੇਤ ਸਾਫ਼ ਇਸ਼ਾਰਾ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ’ਚ ਮਾਝੇ ਦੀ ਸਿਆਸੀ ਪਿੱਚ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਭੂਮਿਕਾ ਬੇਹੱਦ ਕੇਂਦਰੀ ਅਤੇ ਫ਼ੈਸਲਾਕੁੰਨ ਹੋਣ ਜਾ ਰਹੀ ਹੈ। ਭਾਵੇਂ ਬ੍ਰਹਮਪੁਰਾ ਪਰਿਵਾਰ ਪਿਛਲੇ ਸਮੇਂ ਤੋਂ ਖਡੂਰ ਸਾਹਿਬ ਹਲਕੇ ਤੋਂ ਵਿਚਰਦਾ ਆ ਰਿਹਾ ਹੈ, ਦਿੱਲੀ ਵਿਖੇ ਇਸ ਬੈਠਕ ਤੋਂ ਬਾਅਦ ਇਹ ਗੱਲ ਆਮ ਹੋ ਚੁੱਕੀ ਹੈ ਕਿ ਬ੍ਰਹਮਪੁਰਾ ਪਰਿਵਾਰ ਦੀ ਪੁਰਾਣੀ ਪੰਥਕ ਪਕੜ ਅਤੇ ਤਜ਼ਰਬੇ ਨੂੰ ਮੁੜ ਪੱਟੀ-ਨੌਸ਼ਹਿਰਾ ਪੰਨੂਆਂ ਦੇ ਉਸੇ ਪੁਰਾਣੇ ਖਿੱਤੇ ਵਿਚ ਨਵੇਂ ਸਿਆਸੀ ਅਰਥ ਦੇਣ ਦੀ ਰਣਨੀਤਿਕ ਵਿਉਂਤਬੰਦੀ ਅੰਦਰ ਖਾਤੇ ਸਿਖ਼ਰ ਤੇ ਹੈ। ਜਿੱਥੋਂ ਕਦੇ ਜਥੇਦਾਰ ਬ੍ਰਹਮਪੁਰਾ ਨੇ ਕੈਰੋਂ ਪਰਿਵਾਰ ਦੇ ਗੜ੍ਹ ਨੂੰ ਤੋੜ ਕੇ ਆਪਣੀ ਸਿਆਸਤ ਦਾ ਆਗਾਜ਼ ਕੀਤਾ ਸੀ। ਇਸ ਸਿਆਸੀ ਮੁਲਾਕਾਤ ਨੇ ਜ਼ਿਲ੍ਹਾ ਤਰਨਤਾਰਨ ਦੇ ਸਿਆਸੀ ਪਿੜ ਵਿਚ ਵੱਡੀ ਕਰਵਟ ਦੇ ਸੰਕੇਤ ਦੇ ਦਿੱਤੇ ਹਨ।