- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਚਿੱਟੀ ਖੂਹੀ ਮਾਣਕਪੁਰਾ ’ਚ ਦਿਨ-ਦਿਹਾੜੇ ਚੋਰੀ, ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਸਮਾਨ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ

- ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਸਾਮਾਨ ਸਣੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ
- ਬੀਤੇ ਸਮੇਂ ਦੌਰਾਨ ਵੀ ਸ੍ਰੀ ਗੁਰਦੁਆਰਾ ਸਾਹਿਬ ’ਚ ਹੋ ਚੁੱਕੀ ਹੈ ਚੋਰੀ
ਨਰਿੰਦਰ ਸਿੰਘ ਦੋਦੇ, •ਪੰਜਾਬੀ ਜਾਗਰਣ
ਸਰਾਏ ਅਮਾਨਤ ਖਾਂ : ਸਰਾਏ ਅਮਾਨਤ ਖਾਂ ਤੋਂ ਢੰਡ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਪਿੰਡ ਮਾਣਕਪੁਰਾ ਦੇ ਗੁਰਦੁਆਰਾ ਚਿੱਟੀ ਖੂਹੀ ਵਿਖੇ ਚੋਰਾਂ ਵੱਲੋਂ ਦਿਨ-ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਥਰੂਮਾਂ ਦੇ ਐਲੂਮੀਨੀਅਮ ਦੇ ਦਰਵਾਜ਼ੇ ਤੋੜਨ ਦੇ ਨਾਲ-ਨਾਲ ਟੂਟੀਆਂ ਦਾ ਸਾਮਾਨ ਵੀ ਚੋਰੀ ਕਰ ਲਿਆ ਗਿਆ। ਹਾਲਾਂਕਿ, ਇਕ ਰਾਹਗੀਰ ਦੀ ਚੌਕਸੀ ਤੇ ਪਿੰਡ ਦੇ ਨੌਜਵਾਨਾਂ ਦੀ ਮੁਸਤੈਦੀ ਸਦਕਾ ਮੁਲਜ਼ਮ ਨੂੰ ਚੋਰੀ ਕੀਤੇ ਸਾਮਾਨ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਸ੍ਰੀ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਬੰਦ ਸੀ। ਇਸ ਦੇ ਬਾਵਜੂਦ ਇਕ ਵਿਅਕਤੀ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਿਆ ਅਤੇ ਬਾਥਰੂਮਾਂ ਦੇ ਐਲੂਮੀਨੀਅਮ ਦੇ ਦਰਵਾਜ਼ੇ ਤੋੜ ਦਿੱਤੇ। ਇਸ ਤੋਂ ਇਲਾਵਾ ਟੂਟੀਆਂ ਦਾ ਸਾਮਾਨ ਵੀ ਤੋੜ ਕੇ ਬੋਰੀ ’ਚ ਪਾ ਲਿਆ ਅਤੇ ਉੱਥੋਂ ਫ਼ਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੜਕ ਤੋਂ ਲੰਘ ਰਹੇ ਇਕ ਰਾਹਗੀਰ ਨੇ ਸ਼ੱਕੀ ਵਿਅਕਤੀ ਦੀਆਂ ਹਰਕਤਾਂ ਦੇਖ ਲਈਆਂ ਅਤੇ ਤੁਰੰਤ ਇਸ ਬਾਰੇ ਗੁਰਦੁਆਰਾ ਕਮੇਟੀ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਹੋਰ ਲੋਕ ਮੌਕੇ ’ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਦੇਖਿਆ ਤਾਂ ਉਥੇ ਕਾਫ਼ੀ ਭੰਨ-ਤੋੜ ਕੀਤੀ ਹੋਈ ਸੀ।
ਇਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਮੁਲਜ਼ਮ ਦਾ ਪਿੱਛਾ ਕੀਤਾ ਤੇ ਉਸ ਨੂੰ ਚੋਰੀ ਕੀਤੇ ਸਾਮਾਨ ਸਮੇਤ ਸੜਕ ’ਤੇ ਪੈਦਲ ਜਾਂਦਿਆਂ ਕਾਬੂ ਕਰ ਲਿਆ। ਉਪਰੰਤ ਉਸ ਨੂੰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਲਗਭਗ ਪੰਜ-ਛੇ ਮਹੀਨੇ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿਖੇ ਚੋਰੀ ਦੀ ਵਾਰਦਾਤ ਹੋਈ ਸੀ, ਜਿਸ ਦੌਰਾਨ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।
ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਸਹਾਇਕ ਸਬ-ਇੰਸਪੈਕਟਰ ਰਾਜਪਾਲ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।