ਪਾਇਲਟ, ਪਰਗਟ ਸਿੰਘ ਤੇ ਠਾਕੁਰ ਦਾ ਤਰਨਤਾਰਨ ਪੁੱਜਣ ’ਤੇ ਭੁੱਲਰ ਨੇ ਕੀਤਾ ਸਵਾਗਤ ਸਚਿਨ ਪਾਇਲਟ, ਪਰਗਟ ਸਿੰਘ ਅਤੇ ਸੂਰਜ ਠਾਕੁਰ ਦਾ ਤਰਨਤਾਰਨ ਪਹੁੰਚਣ ’ਤੇ ਰਾਜਬੀਰ ਸਿੰਘ ਭੁੱਲਰ ਭਰਵਾਂ ਸਵਾਗਤ ਕੀਤਾ
Publish Date: Tue, 20 Oct 2026 08:02 PM (IST)
Updated Date: Tue, 20 Oct 2026 08:03 PM (IST)
ਕਾਂਗਰਸੀ ਵਰਕਰਾਂ ਦੇ ਜੋਸ਼ ਨੇ ਆਗੂਆਂ ਨੂੰ ਕੀਤਾ ਉਤਸ਼ਾਹਿਤ ਆਗਾਮੀ ਚੋਣਾਂ ਲਈ ਕਮਰਕੱਸੇ ਕਰਨ ਦਾ ਦਿੱਤਾ ਸੱਦਾ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਅਤੇ ਏਆਈਸੀਸੀ ਸੈਕਟਰੀ ਸੂਰਜ ਠਾਕੁਰ ਦਾ ਗੁਰੂ ਨਗਰੀ ਤਰਨਤਾਰਨ ਪਹੁੰਚਣ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵੱਲੋਂ ਟੀ-ਪੁਆਇੰਟ ਤਰਨਤਾਰਨ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਾਜਬੀਰ ਸਿੰਘ ਭੁੱਲਰ ਨੇ ਸਚਿਨ ਪਾਇਲਟ, ਪਰਗਟ ਸਿੰਘ ਅਤੇ ਸੂਰਜ ਠਾਕੁਰ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਉਨ੍ਹਾਂ ਦੀ ਆਮਦ ਨਾਲ ਜ਼ਿਲ੍ਹਾ ਤਰਨਤਾਰਨ ਦੇ ਕਾਂਗਰਸੀ ਵਰਕਰਾਂ ’ਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਹੋਇਆ ਹੈ। ਇਸ ਮੌਕੇ ਸਚਿਨ ਪਾਇਲਟ ਅਤੇ ਪਰਗਟ ਸਿੰਘ ਨੇ ਵਰਕਰਾਂ ਦੇ ਉਤਸ਼ਾਹ ਅਤੇ ਪਾਰਟੀ ਪ੍ਰਤੀ ਸਮਰਪਣ ਨੂੰ ਦੇਖਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਵਰਕਰਾਂ ਨੂੰ ਆਗਾਮੀ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਅਸਲ ਤਾਕਤ ਉਸ ਦੇ ਮਿਹਨਤੀ ਵਰਕਰ ਹੁੰਦੇ ਹਨ, ਜੋ ਲੋਕਾਂ ਵਿਚਕਾਰ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਦੇ ਹਨ। ਉਨ੍ਹਾਂ ਵਰਕਰਾਂ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਸਚਿਨ ਪਾਇਲਟ ਅਤੇ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਸੂਬੇ ਵਿਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਦਿਨ ਦਿਹਾੜੇ ਸ਼ਰੇਆਮ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਆਪਣੀ ਸੁਰੱਖਿਆ ਸਬੰਧੀ ਚਿੰਤਾ ਸਤਾਉਣ ਲੱਗ ਪਵੇ ਅਤੇ ਅਪਰਾਧਿਕ ਘਟਨਾਵਾਂ ਕਾਰਨ ਪਰਿਵਾਰਾਂ ਨੂੰ ਦੁੱਖ ਝੱਲਣਾ ਪਵੇ, ਤਾਂ ਇਹ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਦੇ ਲੋਕਾਂ ਨੇ ਬਿਹਤਰ ਸ਼ਾਸਨ, ਰੁਜ਼ਗਾਰ, ਵਿਕਾਸ ਅਤੇ ਖੁਸ਼ਹਾਲੀ ਦੀ ਆਸ ਨਾਲ ਇਸ ਸਰਕਾਰ ਨੂੰ ਮੌਕਾ ਦਿੱਤਾ ਸੀ, ਪਰ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਬਜਾਏ ‘ਆਪ’ ਸਰਕਾਰ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਜਵਾਬ ਦੇਣਗੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤ ਜਥੇਬੰਦਕ ਟੀਮ ਅਤੇ ਵਰਕਰਾਂ ਦੀ ਮਿਹਨਤ ਸਦਕਾ ਕਾਂਗਰਸ ਲੋਕਾਂ ਦੀ ਆਵਾਜ਼ ਬਣ ਕੇ ਉਭਰੇਗੀ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਪੰਜਾਬ ਸਿੰਘ ਆਸਲ, ਚੇਅਰਮੈਨ ਰਮਨ ਕੁਮਾਰ ਝਬਾਲ, ਪ੍ਰਦੀਪ ਸਿੰਘ ਕੋਟ ਦਸੰਧੀ ਮੱਲ, ਹੈਪੀ ਸਰਪੰਚ ਬਾਲੇਚੱਕ, ਹਰਪ੍ਰੀਤ ਸਿੰਘ ਸੰਧੂ ਪੱਟੀ, ਜਗਤਾਰ ਸਿੰਘ ਬੁਰਜ਼, ਬਿੱਲੂ ਸ਼ਹੀਦ ਪੱਟੀ, ਬਲਜੀਤ ਸਿੰਘ ਬੱਲੀ, ਰਾਜਬੀਰ ਸਿੰਘ ਗਿੱਲ, ਪਰਗਟ ਸਿੰਘ, ਭੁਪਿੰਦਰ ਸਿੰਘ ਕੰਗ ਗੋਹਲਵੜ, ਬਾਬਾ ਸੁਖਚੈਨ ਸਿੰਘ ਕੱਕਾ ਕੰਡਿਆਲਾ, ਅਵਤਾਰ ਸਿੰਘ ਤਨੇਜਾ, ਲੱਕੀ ਭੁੱਲਰ, ਰਾਮ ਲਾਲ ਸਾਬਕਾ ਕੌਂਸਲਰ, ਲੱਕੀ ਪਾਂਧੀ, ਜਗਵਿੰਦਰ ਸਿੰਘ ਵਿੱਕੀ, ਗੁਰਪ੍ਰੀਤ ਸਿੰਘ ਸਿੱਧੂ, ਗੋਲਡੀ ਸਿੱਧੂ, ਨਿਸ਼ਾਨ ਸਿੰਘ ਸ਼ਾਨਾ, ਹੀਰਾ ਸਿੰਘ ਮੱਲ੍ਹੀ, ਅੰਗਰੇਜ਼ ਸਿੰਘ ਖੱਬੇ ਏਬੀਟੀਸੀ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਹਰਮਨ ਪਲਾਸੌਰ, ਇੰਦਰਬੀਰ ਸਿੰਘ ਪਹੂਵਿੰਡ, ਸ਼ੇਰਾ ਮੰਨਣ, ਅੰਮ੍ਰਿਤ ਭੁੱਚਰ, ਪ੍ਰਗਟ ਸਿੰਘ, ਸੁਖਜੀਤ ਸਿੰਘ, ਪ੍ਰਦੀਪ ਕੁਮਾਰ ਲਿਟਲ, ਕੰਵਲ ਬੱਬੂ ਪੰਡੋਰੀ, ਬਲਵਿੰਦਰ ਸਿੰਘ ਸਾਬਕਾ ਮੈਂਬਰ, ਪਲਵਿੰਦਰ ਸਿੰਘ ਸਾਬਕਾ ਸਰਪੰਚ ਝਾਮਕਾ, ਬੱਬੂ ਪੰਜਵੜ, ਅਰੂੜ ਸਿੰਘ ਪੰਜਵੜ, ਬਾਬਾ ਪਵਨਦੀਪ ਸਿੰਘ, ਗੌਰਵ ਵਰਮਾ, ਯਸ਼ ਸ਼ਰਮਾ, ਜਸਪਾਲ ਸਿੰਘ ਪਾਲਾ, ਰਜਿੰਦਰ ਭੰਡਾਰੀ, ਭੋਲਾ ਜੌਹਲ, ਗੁਰਜੀਤ ਸਿੰਘ ਮੁਰਾਦਪੁਰਾ, ਸਰਪੰਚ ਅੰਗਰੇਜ ਸਿੰਘ ਚੱਕ ਸਿਕੰਦਰ, ਸਾਹਿਬ ਸਿੰਘ ਮੁਰਾਦਪੁਰਾ, ਲਖਵਿੰਦਰ ਸਿੰਘ ਸਰਪੰਚ ਤਖਤੂਚੱਕ ਆਦਿ ਹਾਜ਼ਰ ਸਨ।