ਤਰਨਤਾਰਨ ’ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਤਰਨਤਾਰਨ ’ਚ ਧੂਮ ਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ, ਰਾਵਣ ਅਤੇ ਕੁੰਭਕਰਨ ਦੇ ਪੁਤਲੇ ਅਗਨ ਭੇਟ
Publish Date: Tue, 20 Oct 2026 07:49 PM (IST)
Updated Date: Tue, 20 Oct 2026 07:51 PM (IST)
ਬਦੀ ’ਤੇ ਹੋਈ ਨੇਕੀ ਦੀ ਜਿੱਤ, ਰਾਵਣ ਤੇ ਕੁੰਭਕਰਨ ਦੇ ਪੁਤਲੇ ਅਗਨ ਭੇਟ ਪਰਿਵਾਰਾਂ ਸਮੇਤ ਪੁੱਜੇ ਲੋਕਾਂ ਨੇ ਮਾਣਿਆ ਤਿਉਹਾਰ ਦਾ ਆਨੰਦ, ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਸੰਧੂ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਬਦੀ ’ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮੰਗਲਵਾਰ ਨੂੰ ਤਰਨਤਾਰਨ ਦੇ ਦੁਸਹਿਰਾ ਮੈਦਾਨ ’ਚ ਪ੍ਰਸ਼ਾਸਨ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ। ਦੁਸਹਿਰਾ ਵੇਖਣ ਲਈ ਵੱਡੀ ਗਿਣਤੀ ’ਚ ਲੋਕ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪੁੱਜੇ। ਸਮਾਗਮ ’ਚ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ। ਇਸ ਤੋਂ ਪਹਿਲਾਂ ਤਰਨਤਾਰਨ ਵਿਖੇ ਹੋਣ ਵਾਲੀਆਂ ਸ਼੍ਰੀ ਰਾਮ ਲੀਲ੍ਹਾਵਾਂ ਦੀਆਂ ਝਾਕੀਆਂ ਨੇ ਮੈਦਾਨ ’ਚ ਸ਼ਿਰਕਤ ਕਰ ਕੇ ਰਾਵਣ ਸੈਨਾ ਨਾਲ ਯੁੱਧ ਦਾ ਦ੍ਰਿਸ਼ ਪੇਸ਼ ਕੀਤਾ। ਦੁਸਹਿਰਾ ਵੇਖਣ ਵਾਲੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਦੀ ਉੱਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਵੱਜੋਂ ਜਾਣਿਆ ਜਾਂਦਾ ਹੈ। ਇਸ ਦਿਨ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਵੱਲੋਂ ਰਾਵਣ ਦਾ ਵਧ ਕਰਕੇ ਬੁਰਾਈ ਦਾ ਅੰਤ ਕੀਤਾ ਸੀ। ਵਿਧਾਇਕ ਸੰਧੂ ਨੇ ਕਿਹਾ ਕਿ ਸਮਾਜ ’ਚ ਫੈਲੀਆਂ ਬੁਰਾਈਆਂ ਰੂਪੀ ਰਾਵਣ ਨੂੰ ਮਾਰ ਕੇ ਸਾਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਸੇਧ ਲੈ ਕੇ ਹਮੇਸ਼ਾਂ ਹੀ ਬੁਰਾਈਆਂ ਤੋਂ ਦੂਰ ਰਹਿਣ ਦੇ ਨਾਲ ਸੱਚਾਈ ’ਤੇ ਪਹਿਰਾ ਦੇਣ ਦਾ ਸੰਕਲਪ ਲੈਣਾ ਚਾਹੀਦਾ ਹੈ, ਤਾਂ ਹੀ ਸਾਡਾ ਦੁਸਹਿਰਾ ਮਨਾਉਣ ਦਾ ਅਸਲ ਮੰਤਵ ਪੂਰਾ ਹੋ ਸਕੇਗਾ। ਇਸ ਮੌਕੇ ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਦੁਸਿਹਰੇ ਦੇ ਤਿਉਹਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬੁਰਾਈ ਜਿੰਨੀ ਮਰਜ਼ੀ ਵੱਡੀ ਬਣ ਜਾਵੇ, ਅਖੀਰ ਜਿੱਤ ਸਚਾਈ ਦੀ ਹੀ ਹੁੰਦੀ ਹੈ। ਇਸੇ ਕਰਕੇ ਦੁਸਹਿਰੇ ਦੇ ਤਿਉਹਾਰ ਨੂੰ ਸਚਾਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਵਿਧਾਇਕ ਹਰਮੀਤ ਸਿੰਘ ਸੰਧੂ ਨੇ ਇਸ ਮੌਕੇ ਜਲਦ ਹੀ ਮੰਦਰਾਂ ਦੀ ਸੇਵਾ ਸ਼੍ਰੀ ਸਨਾਤਨ ਧਰਮ ਸਭਾ ਨੂੰ ਸੌਪੇ ਜਾਣ ਦੀ ਗੱਲ ਵੀ ਕਹੀ। ਇਸ ਮੌਕੇ ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਕੌਂਸਲਰ ਤੇ ਟਰੇਡ ਵਿੰਗ ਦੇ ਜ਼ਿਲ੍ਹਾ ਸਕੱਤਰ ਸਰਬਰਿੰਦਰ ਸਿੰਘ ਭਰੋਵਾਲ, ਕੌਂਸਲਰ ਯਾਦਵਿੰਦਰ ਸਿੰਘ ਯਾਦੂ, ਚੇਅਰਪਰਸਨ ਰੁਪਿੰਦਰ ਕੌਰ ਸੰਧੂ, ਕਾਂਗਰਸੀ ਆਗੂ ਨਵਰੂਪ ਸਿੰਘ ਡਾਲੇਕੇ, ਜ਼ਿਲ੍ਹਾ ਰਾਈਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸ਼ਰਮਾ ਤੇ ਦਿਲਬਾਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਰਾਜਸੀ ਆਗੂ ਤੇ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ। ਵਿਧਾਇਕ ਨੇ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਮੰਚ ਤੋਂ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਤਰਨਤਾਰਨ ਹਲਕੇ ਲਈ ਕੀਤੇ ਗਏ ਕੰਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਵੱਡੀ ਰਾਸ਼ੀ ਜਾਰੀ ਹੋ ਚੁੱਕੀ ਹੈ ਤੇ ਹਰ ਪਾਸੇ ਵਿਕਾਸ ਦੇ ਕਾਰਜ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਸ਼ਹਿਰ ਦੇ ਵਿਕਾਸ ਵਾਲਾ ਹੋਵੇਗਾ। ਦੁਸਹਿਰਾ ਵੇਖਣ ਆਏ ਬੱਚਿਆਂ ਨੇ ਖ਼ਰੀਦੇ ਤੀਰ ਕਮਾਨ ਤੇ ਮਖੌਟੇ ਦੁਸਹਿਰੇ ਦੇ ਤਿਉਹਾਰ ਮੌਕੇ ਬੱਚਿਆਂ ਵੱਲੋਂ ਤੀਰ ਕਮਾਨ, ਤਲਵਾਰਾਂ, ਗੁਰਜ, ਤਿਰਸ਼ੂਲ, ਸ਼੍ਰੀ ਰਾਮ, ਹਨੂੰਮਾਨ ਜੀ ਦੇ ਮਖੌਟੇ ਖ਼ਰੀਦਣ ਲਈ ਉਤਸ਼ਾਹ ਦਿਖਾਇਆ ਗਿਆ। ਦੁਸਹਿਰਾ ਮੈਦਾਨ ਦੇ ਆਸਪਾਸ ਇਸ ਵਾਰ ਵੱਡੀ ਗਿਣਤੀ ’ਚ ਦੁਕਾਨਾਂ ਸਜੀਆਂ, ਜਿਥੇ ਆਪਣੇ ਮਾਪਿਆਂ ਦੇ ਨਾਲ ਬੱਚੇ ਖਰੀਦਦਾਰੀ ਕਰਦੇ ਵੇਖੇ ਗਏ। ਇਨ੍ਹਾਂ ਦੁਕਾਨਾਂ ਦੇ ਕਰਕੇ ਮੈਦਾਨ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਮੇਲੇ ਵਰਗਾ ਮਾਹੌਲ ਵੇਖ ਸਾਫ ਹੋ ਰਿਹਾ ਸੀ ਕਿ ਪਿਛਲੇ ਸਾਲ ਲੋਕ ਤਿਉਹਾਰਾਂ ਦਾ ਆਨੰਦ ਨਹੀਂ ਮਾਣ ਸਕੇ ਸਨ ਅਤੇ ਇਸ ਵਾਰ ਚਾਅ ਪੂਰੇ ਕਰ ਰਹੇ ਹਨ। ਦੁਸਹਿਰੇ ਦੇ ਤਿਉਹਾਰ ਮੌਕੇ ਲੋਕਾਂ ਨੇ ਰਵਾਇਤ ਦੇ ਤੌਰ ’ਤੇ ਗੰਨੇ, ਜਲੇਬੀਆਂ ਆਦਿ ਦੀ ਖ੍ਰੀਦਦਾਰੀ ਵੀ ਕੀਤੀ ਗਈ। ਦੁਸਹਿਰਾ ਸਥਾਨ ਦੀ ਨਿਗਰਾਨੀ ਲਈ ਤਾਇਨਾਤ ਰਹੀ ਪੁਲਿਸ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਨੇ ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ, ਉੱਥੇ ਹੀ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਦੇ ਆਸਪਾਸ ਵੀ ਸਖਤ ਚੈਕਿੰਗ ਦਾ ਪ੍ਰਬੰਧ ਵੇਖਿਆ ਗਿਆ। ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੀ ਆਮਦ ਨੂੰ ਲੈ ਕੇ ਮੰਚ ਦੇ ਆਸ ਪਾਸ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੇਖਣ ਨੂੰ ਮਿਲੇ।