ਸ਼੍ਰੋਮਣੀ ਅਕਾਲੀ ਦਲ ਨੇ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਘਰ ਵੱਲ ਕੀਤਾ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਘਰ ਵੱਲ ਕੀਤਾ ਪ੍ਰਦਰਸ਼ਨ
Publish Date: Mon, 19 Oct 2026 07:01 PM (IST)
Updated Date: Mon, 19 Oct 2026 07:03 PM (IST)
ਵਿਧਾਇਕ ਦੇ ਘਰ ਅੱਗੇ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ, ਵਿਰੋਧ ਪੱਤਰ ਵੀ ਸੌਂਪਿਆ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਮਾਨਸਾ ’ਚ ਮੈਡੀਕਲ ਸਟੋਰ ਸੰਚਾਲਕ ਵਲੋਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨੂੰ ਕਤਲ ਕੀਤੇ ਜਾਣ ਦੀ ਘਟਨਾ ਦੇ ਵਿਰੋਧ ਪੰਜਾਬ ਭਰ ’ਚ ਵਧਦਾ ਜਾ ਰਿਹਾ ਹੈ ਤੇ ਵੱਖ-ਵੱਖ ਜਥੇਬੰਦੀਆਂ ਸਰਕਾਰ ਨੂੰ ਘੇਰ ਰਹੀਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਰਨਤਾਰਨ ਤੋਂ ਇੰਚਾਰਜ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਨੇ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਘਰ ਵੱਲ ਮਾਰਚ ਕੀਤਾ ਤੇ ਰਿਹਾਇਸ਼ ਅੱਗੇ ‘ਆਪ’ ਸਰਕਾਰ ਦਾ ਪੁਤਲਾ ਫੂਕਿਆ। ਹਾਲਾਂਕਿ ਇਸ ਦੌਰਾਨ ਪੁਲਿਸ ਵਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ ਤੇ ਅਕਾਲੀ ਆਗੂਆਂ ਤੇ ਪੁਲਿਸ ਅਧਿਕਾਰੀਆਂ ਦਰਮਿਆਨ ਪ੍ਰਦਰਸ਼ਨ ਨੂੰ ਲੈ ਕੇ ਨੋਕ-ਝੋਕ ਵੀ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਕੰਚਨਪ੍ਰੀਤ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਾ ਵੇਚਣ ਵਾਲੇ ਤਾਂ ਸੁਰੱਖਿਅਤ ਹਨ, ਪਰ ਨਸ਼ਾ ਰੋਕਣ ਵਾਲਿਆਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਨਸਾ ’ਚ ਜਿਸ ਦਲੇਰਾਨਾ ਢੰਗ ਨਾਲ ਮੈਡੀਕਲ ਸਟੋਰ ਦੇ ਸੰਚਾਲਕ ਵਲੋਂ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਕਈ ਚਿਰ ਉਹ ਦੁਕਾਨ ’ਤੇ ਵੀ ਮੌਜੂਦ ਰਿਹਾ ਨੇ ਇਹ ਸਾਬਿਤ ਕਰ ਦਿੱਤਾ ਹੈ, ਉਸ ਦੇ ਪਿੱਛੇ ਕੋਈ ਵੱਡੀ ਸ਼ਕਤੀ ਕੰਮ ਕਰ ਰਹੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਨਸਾ ’ਚ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਪਰ ਸਰਕਾਰ ਦੀ ਕੰਨ ’ਤੇ ਜੂੰ ਤਕ ਨਹੀਂ ਸਰਕ ਰਹੀ। ਜਿਸਦੇ ਚੱਲਦਿਆਂ ਸਰਕਾਰ ਨੂੰ ਜਗਾਉਣ ਲਈ ਸੋਮਵਾਰ ਨੂੰ ਵਿਰੋਧ ਪੱਤਰ ਵਿਧਾਇਕ ਨੂੰ ਸੌਂਪਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਪਰ ਇਥੇ ਵੀ ਪੁਲਿਸ ਨੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਤੇ ਵਿਧਾਇਕ ਦੇ ਨੁਮਾਇੰਦੇ ਰੁਪਿੰਦਰ ਕੌਰ ਨੂੰ ਵਿਰੋਧ ਪੱਤਰ ਸੌਂਪਿਆ। ਉਨ੍ਹਾਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਸਣੇ ਹੋਰ ਸਮਾਜਿਕ ਸ਼ਖਸੀਅਤਾਂ, ਜਿਨ੍ਹਾਂ ਦੇ ਇਸ ਸਰਕਾਰ ਸਮੇਂ ਕਤਲ ਹੋਏ ਹਨ, ਦੇ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਮੌਕੇ ਸੂਬਾ ਡੈਲੀਗੇਟ ਪਰਮਜੀਤ ਸਿੰਘ ਪੰਮਾ ਗੱਗੋਬੂਹਾ, ਜਨਰਲ ਕੌਂਸਲ ਮੈਂਬਰ ਰਾਮ ਨਾਮਧਾਰੀ, ਸਰਪੰਚ ਮਨਜਿੰਦਰ ਸਿੰਘ ਐਮਾ, ਐੱਸਡੀਓ ਹਰਜਿੰਦਰ ਸਿੰਘ ਕੋਹਲੀ, ਕੌਂਸਲਰ ਪਰਮਿੰਦਰ ਕੌਰ, ਚੇਅਰਮੈਨ ਤੇਗਾ ਸਿੰਘ ਸੋਹਲ, ਚੇਅਰਮੈਨ ਗੁਰਬੀਰ ਸਿੰਘ ਝਬਾਲ, ਪੂਰਨ ਸਿੰਘ ਝਬਾਲ, ਨੰਬਰਦਾਰ ਜਤਿੰਦਰ ਸਿੰਘ, ਸਾਬਕਾ ਕੌਂਸਲਰ ਰਾਮ ਸਿੰਘ, ਸਰਪੰਚ ਹਰਜਿੰਦਰ ਸਿੰਘ ਢੰਡ, ਸਰਪੰਚ ਸੋਨੂੰ ਬਰਾੜ, ਮਾਣਕ ਝਬਾਲ, ਡਾ. ਸੁਖਦੇਵ ਸਿੰਘ ਲੌਹੁਕਾ, ਨੰਬਰਦਾਰ ਕੁਲਵੰਤ ਸਿੰਘ ਝਬਾਲ, ਸਰਪੰਚ ਸਵਰਨ ਸਿੰਘ ਢੰਡ, ਸਰਪੰਚ ਪ੍ਰਭ ਕੋਟ, ਸਰਪੰਚ ਜੱਗਾ ਮਲੀਆ, ਵਿਰਸਾ ਸਿੰਘ ਝਾਮਕਾ, ਅਵਤਾਰ ਸਿੰਘ ਠੱਠਗੜ, ਗੁਰਸੇਵਕ ਸਿੰਘ ਠੱਠਗੜ੍ਹ, ਸੁਖਵੰਤ ਸਿੰਘ ਪਡੌਰੀ ਹੱਸਣ, ਗੁਰਪ੍ਰੀਤ ਸਿੰਘ ਸਿੱਧੂ, ਜੱਗਾ ਸਵਰਗਾਪੁਰੀ ਅਤੇ ਸਰਬਜੀਤ ਸਿੰਘ ਝਬਾਲ ਆਦਿ ਹਾਜ਼ਰ ਸਨ।