ਕਾਂਸਟੇਬਲ ਕਰਨਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ ਦਸ ਕਿਲੋ ਹੈਰੋਇਨ ਹੋਰ ਬਰਾਮਦ ਕਾਂਸਟੇਬਲ ਕਰਨਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ ਦਸ ਕਿਲੋ ਹੈਰੋਇਨ ਹੋਰ ਬਰਾਮਦ
Publish Date: Sun, 18 Oct 2026 05:56 PM (IST)
Updated Date: Sun, 18 Oct 2026 05:57 PM (IST)
ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਸਰਹੱਦੀ ਇਲਾਕਾ ਖਾਲੜਾ ਦੇ ਪਿੰਡ ਡੱਲ ’ਚ ਸਥਾਪਿਤ ਐਂਟੀ ਡ੍ਰੋਨ ਸਿਸਟਮ ‘ਬਾਜ਼ ਅੱਖ’ ’ਤੇ ਤਾਇਨਾਤ ਕਾਂਸਟੇਬਲ ਕਰਨਦੀਪ ਸਿੰਘ ਜਿਸ ਨੂੰ ਕੁਝ ਦਿਨ ਪਹਿਲਾਂ ਬੀਐੱਸਐੱਫ 15 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ, ਉਸਦੀ ਨਿਸ਼ਾਨਦੇਹੀ ’ਤੇ ਐੱਨਸੀਬੀ ਨੇ ਪਿੰਡ ਭੂਸੇ ਵਿੱਚੋਂ 10 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ। ਦੱਸ ਦਈਏ ਕਿ ਕਰਨਦੀਪ ਸਿੰਘ ਥਾਣਾ ਸਰਾਏ ਅਮਾਨਤ ਖਾਂ ਵਿਚ ਬਤੌਰ ਮੁਨਸ਼ੀ ਵਜੋਂ ਵੀ ਤਾਇਨਾਤ ਰਹਿ ਚੁੱਕਾ ਹੈ ਅਤੇ ਹੁਣ ਐਂਟੀ ਡ੍ਰੋਨ ਸਿਸਟਮ ਏਡੀਐੱਸ ਵਿੰਗ ਵਿਚ ਤਾਇਨਾਤ ਸੀ। ਦੱਸ ਦਈਏ ਕਿ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੀ 15 ਬਟਾਲੀਅਨ ਦੇ ਜਵਾਨਾਂ ਨੇ ਪਿੰਡ ਚਾਹਲ ਦੇ ਟੀ-ਪੁਵਾਇੰਟ ’ਤੇ ਕੀਤੀ ਗਈ ਨਾਕੇਬੰਦੀ ਦੌਰਾਨ ਸਵਫਿਟ ਕਾਰ ਨੰਬਰ ਪੀਬੀ46 ਏਐੱਚ 9004 ’ਤੇ ਸਵਾਰ ਕਰਨਦੀਪ ਸਿੰਘ ਨੂੰ 15 ਕਿਲੋ 385 ਗ੍ਰਾਮ ਹੈਰੋਇਨ, ਸਰਕਾਰੀ ਰਿਵਾਲਵਰ ਅਤੇ ਕਾਰਤੂਸਾਂ ਤੋਂ ਇਲਾਵਾ 8 ਹਜ਼ਾਰ ਦੀ ਨਕਦੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਸੀ। ਕਾਂਸਟੇਬਲ ਕਰਨਦੀਪ ਸਿੰਘ ਨੂੰ ਬੀਐੱਸਐੱਫ ਦੇ ਅਧਿਕਾਰੀਆਂ ਨੇ ਉਸ ਵੇਲੇ ਐੱਨਸੀਬੀ ‘ਨਾਰਕੋਟਿਕ ਕੰਟਰੋਲ ਬਿਊਰੋ’ ਏਜੰਸੀ ਨੂੰ ਸੌਂਪ ਦਿੱਤਾ। ਜਦੋਂਕਿ ਉਸੇ ਦਿਨ ਤੋਂ ਹੀ ਕਾਂਸਟੇਬਲ ਦੇ ਪਿੰਡ ਵਿਚ ਕਾਫ਼ੀ ਵੱਖ-ਵੱਖ ਏਜੰਸੀਆਂ ਵੱਲੋਂ ਪਹੁੰਚ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਸ਼ਨਿੱਚਵਾਰ ਦੀ ਰਾਤ ਨੂੰ ਸਥਾਨਕ ਪੁਲਿਸ ਦੀ ਗੈਰ ਮੌਜੂਦਗੀ ’ਚ ਐੱਨਸੀਬੀ ਨੇ ਕਰਨਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ ਉਸੇ ਦੇ ਪਿੰਡ ਭੂਸੇ ਦੇ ਟਾਵਰ ’ਤੇ ਲੁਕੋ ਕੇ ਰੱਖੀ 10 ਕਿਲੋ ਹੈਰੋਇਨ ਬਰਾਮਦ ਕੀਤੀ। ਉੱਧਰ ਇਲਾਕੇ ਵਿਚ ਚਰਚਾ ਹੈ ਕਿ ਆਉਣ ਵਾਲੇ ਦਿਨਾਂ ’ਚ ਕਾਂਸਟੇਬਲ ਕਰਨਦੀਪ ਕੋਲੋਂ ਸਰਹੱਦ ਪਾਰੋਂ ਪਿਛਲੇ ਸਮੇਂ ਦੌਰਾਨ ਆਈਆਂ ਹੈਰੋਇਨ ਦੀਆਂ ਖੇਪਾਂ ਦੇ ਖੁਲਾਸੇ ਹੋ ਸਕਦੇ ਹਨ।