ਪਰਵਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਕਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਖੋਲ੍ਹੀ ਪੋਲ : ਹਰਮਿੰਦਰ ਸਿੰਘ ਗਿੱਲ ਪਰਵਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਕਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਖੋਲ੍ਹੀ ਪੋਲ : ਹਰਮਿੰਦਰ ਸਿੰਘ ਗਿੱਲ
Publish Date: Sat, 17 Oct 2026 05:53 PM (IST)
Updated Date: Sat, 17 Oct 2026 05:54 PM (IST)
ਭਗਵੰਤ ਮਾਨ ਸਰਕਾਰ ਖ਼ਿਲਾਫ਼ ਪੱਟੀ ’ਚ ਕਾਂਗਰਸ ਨੇ ਕੈਂਡਲ ਮਾਰਚ ਕੱਢ ਕੇ ਕੀਤਾ ਪਿੱਟ ਸਿਆਪਾ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਹੋਏ ਕਤਲ ਦੇ ਵਿਰੋਧ ’ਚ ਕਾਂਗਰਸ ਪਾਰਟੀ ਵੱਲੋਂ ਪੱਟੀ ’ਚ ਕੈਂਡਲ ਮਾਰਚ ਕੱਢਿਆ ਗਿਆ। ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਦੌਰਾਨ ਭਗਵੰਤ ਮਾਨ ਸਰਕਾਰ ਵਿਰੁੱਧ ਪਿੱਟ ਸਿਆਪਾ ਕਰਦਿਆਂ ਪੰਜਾਬ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਗਏ। ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦਾ ਦਿਨ-ਦਿਹਾੜੇ ਕਤਲ ਹੋਣਾ ਬੇਹੱਦ ਮੰਦਭਾਗੀ ਘਟਨਾ ਹੈ। ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀ ਦਾ ਇਸ ਤਰ੍ਹਾਂ ਕਤਲ ਹੋਣਾ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਤੇ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਦੇ ਦਾਅਵੇ ਤਾਂ ਕਰਦੀ ਹੈ ਪਰ ਅਜਿਹੀਆਂ ਘਟਨਾਵਾਂ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਸਾਹਮਣੇ ਲਿਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਸਿਰਫ਼ ਬਿਆਨ ਦੇਣ ਤਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਤੇ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਿਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲਿਆਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ, ਤਾਂ ਜੋ ਕੋਈ ਵੀ ਵਿਅਕਤੀ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਡਰੇ ਨਾ। ਸਾਬਕਾ ਵਿਧਾਇਕ ਨੇ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਕਰਕੇ ਲੋਕਾਂ ਦਾ ਭਰੋਸਾ ਜਿੱਤਣਾ ਚਾਹੀਦਾ ਹੈ। ਕੈਂਡਲ ਮਾਰਚ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮ੍ਰਿਤਕ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਨਸਾਫ਼ ਦੀ ਮੰਗ ਉਠਾਈ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਵਿਜੇ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ, ਕੌਂਸਲਰ ਜਗਮੀਤ ਸਿੰਘ ਭੁੱਲਰ, ਕੌਂਸਲਰ ਹਰਜਿੰਦਰ ਸਿੰਘ ਬੌਬੀ, ਸੁਖਵਿੰਦਰ ਸਿੰਘ ਸੰਗਵਾਂ, ਕੌਂਸਲਰ ਕੋਮਲ ਜੈਨ, ਕੌਂਸਲਰ ਗੁਰਪ੍ਰੀਤ ਸਿੰਘ, ਕੌਂਸਲਰ ਰੋਹਿਤ ਸ਼ਰਮਾ, ਕੌਂਸਲਰ ਨਿਸ਼ਾਨ ਸਿੰਘ ਬੁੱਟਰ, ਸਰਪੰਚ ਸਟਾਲਨਜੀਤ ਸਿੰਘ, ਮਨਦੀਪ ਸਿੰਘ ਮੱਤਾ, ਗੁਰਵਿੰਦਰ ਸਿੰਘ ਜੋਧਾ, ਹਰਕਰਤਾਰ ਸਿੰਘ, ਭੁਪਿੰਦਰ ਸਿੰਘ ਵਿੱਕੀ ਮੰਡਲ ਪ੍ਰਧਾਨ, ਦਿਲਰਾਜ ਸਿੰਘ, ਮਨਜੀਤ ਸਿੰਘ ਬਿੱਟੂ, ਸੁਰਜੀਤ ਸਿੰਘ, ਜਗਪ੍ਰੀਤ ਚੀਮਾ, ਬੀਤ ਕਿਰਤੋਵਾਲ, ਮਨਜੀਤ ਸਿੰਘ ਕਾਲੇਕੇ, ਗੁਰਪਿੰਦਰ ਸਿੰਘ ਮੰਡਲ ਪ੍ਰਧਾਨ, ਸੁਰਜੀਤ ਸਿੰਘ ਨੌਸ਼ਹਿਰਾ ਪੰਨੂਆਂ, ਚਤਰੇਸ਼ ਸਿੰਘ ਪੰਨੂ, ਬਲਦੇਵ ਸਿੰਘ, ਰਾਜ ਕੁਮਾਰ, ਸਰਪੰਚ ਸਤਬੀਰ ਸਿੰਘ ਰੰਮੀ, ਰਾਣਾ ਬੁੱਟਰ, ਹਰਮਨ ਚਾਹਲ, ਮਨੀ ਸ਼ਰਮਾ, ਸੰਜੀਵ ਕੁਮਾਰ, ਰਵਿੰਦਰ ਰਾਮਗੜ੍ਹੀਆ, ਮਨਪ੍ਰੀਤ ਸਿੰਘ, ਸਤਨਾਮ ਸਿੰਘ ਭੁੱਲਰ, ਸੋਨੂੰ ਭੋਲੂ, ਮਨਜੀਤ ਸਿੰਘ ਸਾਧਾ, ਸੋਨੂੰ ਉੱਪਲ, ਲਖਬੀਰ ਸਿੰਘ ਲੁਹਾਰੀਆਂ, ਕੌਂਸਲਰ ਤਸਬੀਰ ਸਿੰਘ, ਗੁਰਜੰਟ ਸਿੰਘ ਔਲਖ ਦਫ਼ਤਰ ਇੰਚਾਰਜ ਆਦਿ ਹਾਜ਼ਰ ਸਨ।