ਗੁਰੂ ਘਰਾਂ ਦੇ ਸੇਵਾਦਾਰ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੌਣ ਰਖਵਾਲਾ : ਰਮਨਜੀਤ ਸਿੱਕੀ ਗੁਰੂ ਘਰਾਂ ਦੇ ਸੇਵਾਦਾਰ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੌਣ ਰਖਵਾਲਾ : ਰਮਨਜੀਤ ਸਿੱਕੀ
Publish Date: Sat, 17 Oct 2026 05:31 PM (IST)
Updated Date: Sat, 17 Oct 2026 05:33 PM (IST)
ਸਾਬਕਾ ਵਿਧਾਇਕ ਨੇ ਪਿੰਡ ਖੱਖ ਦੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ, ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਪ੍ਰਗਟਾਈ ਚਿੰਤਾ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਦੇ ਨੇੜਲੇ ਪਿੰਡ ਖੱਖ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਇਲਾਕੇ ਅੰਦਰ ਚਿੰਤਾ ਦਾ ਮਾਹੌਲ ਹੈ। ਇਨ੍ਹਾਂ ਘਟਨਾਵਾਂ ਦੇ ਮੱਦੇ ਨਜ਼ਰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪਿੰਡ ਖੱਖ ਵਿਖੇ ਸਾਬਕਾ ਸਰਪੰਚ ਅਤੇ ਗੁਰਦੁਆਰਾ ਸ੍ਰੀ ਬੋਹੜੀ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੇਜ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਹਾਲਾਤ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਗੁਰੂ ਘਰਾਂ ਦੇ ਸੇਵਾਦਾਰ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਪਰ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਸਿੱਕੀ ਨੇ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਲਈ ਮੁੱਖ ਮੰਤਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਚੁਕਦਿਆਂ ਇਸ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਲੋਕਾਂ ਅਤੇ ਧਾਰਮਿਕ ਸਥਾਨਾਂ ਨਾਲ ਜੁੜੇ ਸੇਵਾਦਾਰਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੀ, ਉਸ ਨੂੰ ਸੱਤਾ ਵਿਚ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਲਈ ਠੋਸ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਲਾਕੇ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਕੇ ਲੋਕਾਂ ਦਾ ਭਰੋਸਾ ਬਹਾਲ ਕੀਤਾ ਜਾਵੇ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੋਂ ਇਲਾਵਾ ਨਿਸ਼ਾਨ ਸਿੰਘ ਢੋਟੀ, ਫਤਿਹ ਸਿੰਘ ਬਾਠ, ਗੁਲਵਿੰਦਰ ਸਿੰਘ ਰਾਏ, ਰਘਬੀਰ ਸਿੰਘ ਵਿਰਕ, ਸਾਬਕਾ ਸਰਪੰਚ ਮੋਹਨ ਸਿੰਘ ਬੱਲਾ, ਗੁਰਅਵਤਾਰ ਸਿੰਘ ਬੱਬੂ ਪਹਿਲਵਾਨ, ਹਰਦਿਆਲ ਸਿੰਘ ਕੰਗ, ਇੰਸਪੈਕਟਰ ਹਰਭਜਨ ਸਿੰਘ ਸਰਾਂ, ਚੇਅਰਮੈਨ ਬਲਵਿੰਦਰ ਸਿੰਘ, ਮਲਕੀਤ ਸਿੰਘ, ਗੁਰਦਿਆਲ ਸਿੰਘ ਢੋਟੀ, ਡਾ. ਦਿਲਬਾਗ ਸਿੰਘ ਤੁੜ, ਹਰਵਿੰਦਰ ਸਿੰਘ ਲਾਡੀ ਬਾਠ, ਹਰਪਾਲ ਸਿੰਘ ਪੰਨੂ, ਸਾਹਿਬ ਸਿੰਘ ਰਾਤੋਂਕੇ, ਪਰਮਿੰਦਰ ਸਿੰਘ ਧੂੰਦਾ, ਤਰਸੇਮ ਸਿੰਘ ਧੂੰਦਾ, ਪੀਏ ਰਣਜੀਤ ਸਿੰਘ ਰਾਣਾ ਅਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ।