ਫਿਰੌਤੀ ਨਾ ਮਿਲਣ ’ਤੇ ਇਮੀਗ੍ਰੇਸ਼ਨ ਕਾਰੋਬਾਰੀ ਦੇ ਘਰ ਦੂਜੀ ਵਾਰ ਚੱਲੀਆਂ ਗੋਲ਼ੀਆਂ ਫਿਰੌਤੀ ਨਾ ਮਿਲਣ ’ਤੇ ਇਮੀਗ੍ਰੇਸ਼ਨ ਕਾਰੋਬਾਰੀ ਦੇ ਘਰ ਦੂਜੀ ਵਾਰ ਚੱਲੀਆਂ ਗੋਲੀਆਂ
Publish Date: Fri, 16 Oct 2026 07:24 PM (IST)
Updated Date: Sat, 17 Oct 2026 04:03 AM (IST)
ਕੈਪਸ਼ਨ- ਗੋਇੰਦਵਾਲ ਸਾਹਿਬ ’ਚ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ ਬਾਈਕ ਸਵਾਰਾਂ ਦੀ ਸੀਸੀਟੀਵੀ ’ਚ ਕੈਦ ਹੋਈ ਤਸਵੀਰ। * 10 ਦਿਨ ’ਚ ਦੂਜੀ ਵਾਰ ਵਾਪਰੀ ਘਟਨਾ ਨਾਲ ਇਲਾਕੇ ’ਚ ਦਹਿਸ਼ਤ * ਇਕ ਕਰੋੜ ਦੀ ਫਿਰੌਤੀ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਕੀਤਾ ਦਾਅਵਾ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਵਿਖੇ ਫਿਰੌਤੀ ਦੀ ਮੰਗ ਨੂੰ ਲੈ ਕੇ ਇਮੀਗ੍ਰੇਸ਼ਨ ਕਾਰੋਬਾਰੀ ਦੇ ਘਰ ’ਤੇ ਦਸ ਦਿਨਾਂ ਬਾਅਦ ਮੁੜ ਗੋਲ਼ੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਵੱਲੋਂ ਦੇਰ ਰਾਤ ਘਰ ਦੇ ਗੇਟ ਨੂੰ ਨਿਸ਼ਾਨਾ ਬਣਾ ਕੇ ਤਿੰਨ ਗੋਲ਼ੀਆਂ ਚਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਗੋਲ਼ੀਆਂ ਦੇ ਨਿਸ਼ਾਨ ਘਰ ਦੇ ਗੇਟ ਤੇ ਅੰਦਰਲੇ ਦਰਵਾਜ਼ੇ ’ਤੇ ਮਿਲੇ ਹਨ। ਲਗਾਤਾਰ ਦੂਜੀ ਵਾਰ ਹੋਈ ਇਸ ਘਟਨਾ ਨੇ ਪਰਿਵਾਰ ਨੂੰ ਦਹਿਸ਼ਤ ਵਿਚ ਪਾ ਦਿੱਤਾ ਹੈ। ਇਮੀਗ੍ਰੇਸ਼ਨ ਕਾਰੋਬਾਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਕੂਲ ਆਫ਼ ਐਮੀਨੈਂਸ ਨੇੜੇ ‘ਵਾਹਿਗੁਰੂ ਇੰਟਰਪ੍ਰਾਈਜ਼ਿਜ਼’ ਦੇ ਨਾਂ ਹੇਠ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਚਲਾਉਂਦੇ ਹਨ। ਬੀਤੀ ਰਾਤ ਕਰੀਬ ਸਾਢੇ 10 ਵਜੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਨ੍ਹਾਂ ਦਾ ਪਰਿਵਾਰ ਦਹਿਸ਼ਤ ਵਿਚ ਆ ਗਿਆ। ਜਦੋਂ ਉਨ੍ਹਾਂ ਨੇ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀ ਉਨ੍ਹਾਂ ਦੇ ਘਰ ’ਤੇ ਗੋਲ਼ੀਆਂ ਚਲਾਉਂਦੇ ਦਿਖਾਈ ਦਿੱਤੇ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਗਨੀਮਤ ਰਹੀ ਕਿ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਾਜਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਉਨ੍ਹਾਂ ਕੋਲੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਰਕਮ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਅਨੁਸਾਰ ਇਸ ਸਬੰਧੀ ਪਹਿਲਾਂ ਵੀ ਪੁਲਿਸ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਪੀੜਤ ਨੇ ਥਾਣਾ ਮੁਖੀ ’ਤੇ ਲਾਏ ਗੰਭੀਰਤਾ ਨਾ ਦਿਖਾਉਣ ਦੇ ਦੋਸ਼ ਰਾਜਵਿੰਦਰ ਸਿੰਘ ਨੇ ਗੋਇੰਦਵਾਲ ਸਾਹਿਬ ਦੇ ਥਾਣਾ ਮੁਖੀ ’ਤੇ ਆਪਣੀ ਸੁਰੱਖਿਆ ਦੇ ਮਾਮਲੇ ’ਚ ਕਥਿਤ ਤੌਰ ’ਤੇ ਗੰਭੀਰਤਾ ਨਾ ਦਿਖਾਉਣ ਦੇ ਦੋਸ਼ ਲਗਾਏ ਹਨ, ਜਿਸ ਸਬੰਧੀ ਉਨ੍ਹਾਂ ਆਡੀਓ ਵੀ ਜਾਰੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਸੁਰੱਖਿਆ ਸਬੰਧੀ ਗੱਲ ਕਰਨ ਲਈ ਥਾਣਾ ਮੁਖੀ ਨੂੰ ਫੋਨ ਕਰਦੇ ਹਨ ਤਾਂ ਉਹ ‘ਕੋਰਟ ਵਿਚ ਹੋਣ’ ਦਾ ਕਹਿ ਕੇ ਫੋਨ ਕੱਟ ਦਿੰਦੇ ਹਨ। ਕਾਰੋਬਾਰੀ ਨੇ ਕਿਹਾ ਕਿ ਵਾਰ-ਵਾਰ ਫਿਰੌਤੀ ਦੀਆਂ ਧਮਕੀਆਂ ਮਿਲਣ ਅਤੇ ਦਸ ਦਿਨਾਂ ਵਿਚ ਦੂਜੀ ਵਾਰ ਘਰ ’ਤੇ ਗੋਲੀਬਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਠੋਸ ਭਰੋਸਾ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਵਿਚ ਦਖ਼ਲ ਦੇ ਕੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਸ਼ੂਟਰਾਂ ਦੀ ਪਛਾਣ ਵਾਸਤੇ ਕੰਮ ਕਰ ਰਹੀਆਂ ਨੇ ਟੀਮਾਂ : ਥਾਣਾ ਮੁਖੀ ਇਸ ਸਬੰਧੀ ਜਦੋਂ ਥਾਣਾ ਗੋਇੰਦਵਾਲ ਸਾਹਿਬ ਦੀ ਮੁਖੀ ਇੰਸਪੈਕਟਰ ਬਲਜੀਤ ਕੌਰ ਨਾਲ ਫੋਨ ਨਾ ਚੁੱਕੇ ਜਾਣ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਦਿਨ-ਰਾਤ ਯਤਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਮੀਗ੍ਰੇਸ਼ਨ ਕਾਰੋਬਾਰੀ ਦੇ ਘਰ ’ਤੇ ਹੋਈ ਗੋਲੀਬਾਰੀ ਦੇ ਮਾਮਲੇ ’ਚ ਸੀਸੀਟੀਵੀ ਫੁਟੇਜ਼ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਵਾਸਤੇ ਵੱਖ-ਵੱਖ ਟੀਮਾਂ ਗੰਭੀਰਤਾ ਨਾਲ ਕੰਮ ਕਰ ਰਹੀਆਂ ਹਨ।