ਭਾਈ ਜਸਵੰਤ ਸਿੰਘ ਪਰਿਵਾਰ ਸਣੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨਤਮਸਤਕ ਭਾਈ ਜਸਵੰਤ ਸਿੰਘ ਪਰਿਵਾਰ ਸਣੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨਤਮਸਤਕ
Publish Date: Fri, 16 Oct 2026 07:03 PM (IST)
Updated Date: Sat, 17 Oct 2026 04:03 AM (IST)
ਕੈਪਸ਼ਨ - ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਤੇ ਰਾਗੀ ਸਿੰਘ। ਦਿਲਬਾਗ ਸਿੰਘ ਝਬਾਲ, •ਪੰਜਾਬੀ ਜਾਗਰਣ ਬੀੜ ਸਾਹਿਬ : ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਜਸਵੰਤ ਸਿੰਘ ਨੇ ਆਪਣੇ ਪਰਿਵਾਰ ਸਮੇਤ ਬੜੇ ਪਿਆਰ, ਸ਼ਰਧਾ ਤੇ ਸਤਿਕਾਰ ਸਹਿਤ ਹਾਜ਼ਰੀ ਭਰੀ। ਇਸ ਮੌਕੇ ਭਾਈ ਸਾਹਿਬ ਜੀ ਦੇ ਜਥੇ ਵੱਲੋਂ ਆਪਣੀ ਮਿੱਠੀ ਰਸਨਾ ਰਾਹੀਂ ਮਨੋਹਰ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਕੀਤਾ ਗਿਆ, ਜਿਸ ਨੂੰ ਸੁਣ ਕੇ ਸੰਗਤਾਂ ਨੇ ਆਤਮਿਕ ਆਨੰਦ ਮਾਣਿਆ। ਇਸ ਸਬੰਧੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਭਾਈ ਸਾਹਿਬ ਭਾਈ ਜਸਵੰਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਭਗ 55 ਸਾਲ ਗੁਰੂ ਘਰ ਦੇ ਕੀਰਤਨੀਏ ਵਜੋਂ ਨਿਰੰਤਰ ਸੇਵਾ ਨਿਭਾਈ ਹੈ। ਉਨ੍ਹਾਂ ਦੀਆਂ ਲੰਮੀਆਂ ਪੰਥਕ ਤੇ ਧਾਰਮਿਕ ਸੇਵਾਵਾਂ ਕਰਕੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਵਜੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਭਾਈ ਸਾਹਿਬ ਅੱਜ ਵੀ ਵੱਖ-ਵੱਖ ਧਾਰਮਿਕ ਸਮਾਗਮਾਂ ਦੌਰਾਨ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਕਿਹਾ ਕਿ ਗੁਰਬਾਣੀ ਕੀਰਤਨ ਸਿੱਖੀ ਜੀਵਨ ਦਾ ਅਹਿਮ ਅੰਗ ਹੈ ਅਤੇ ਪੰਥ ਦੇ ਪ੍ਰਸਿੱਧ ਕੀਰਤਨੀਆਂ ਵੱਲੋਂ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਕਰਨਾ ਸਮੁੱਚੀ ਸੰਗਤ ਲਈ ਪ੍ਰੇਰਨਾ ਦਾ ਸਰੋਤ ਹੈ। ਗੁਰਬਾਣੀ ਕੀਰਤਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਹਲ ਤੇ ਰਾਗੀ ਸਿੰਘਾਂ ਵੱਲੋਂ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਦੀ ਹਾਜ਼ਰੀ ’ਚ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਨੂੰ ਗੁਰੂ ਘਰ ਵੱਲੋਂ ਮਾਣ-ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਮੀਤ ਮੈਨੇਜਰ, ਗੁਰਜੀਤ ਸਿੰਘ ਠੱਠਾ, ਬਿਕਰਮ ਸਿੰਘ ਰੀਕਾਰਡ ਕੀਪਰ, ਅਰਵਨਪ੍ਰੀਤ ਸਿੰਘ ਕੈਰੋਂ, ਸਮੇਤ ਹੋਰ ਸ਼ਖ਼ਸੀਅਤਾਂ ਤੇ ਸੰਗਤ ਹਾਜ਼ਰ ਸਨ।