ਗੁਰੂ ਅਮਰਦਾਸ ਇੰਸਟੀਚਿਊਟ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਐਥਲੈਟਿਕਸ ਖੇਡਾਂ ’ਚ ਰਹੇ ਜੇਤੂ ਗੁਰੂ ਅਮਰਦਾਸ ਇੰਸਟੀਚਿਊਟ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਐਥਲੈਟਿਕਸ ਖੇਡਾਂ ਵਿਚ ਰਹੇ ਜੇਤੂ
Publish Date: Fri, 16 Oct 2026 06:44 PM (IST)
Updated Date: Sat, 17 Oct 2026 04:03 AM (IST)
ਕੈਪਸ਼ਨ - ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ, ਪ੍ਰਿੰਸੀਪਲ ਮਨੀਸ਼ਾ ਸੂਦ ਅਤੇ ਹੋਰ ਸਟਾਫ਼ ਮੈਂਬਰ। * ਪ੍ਰਿੰਸੀਪਲ ਮਨੀਸ਼ਾ ਸੂਦ ਨੇ ਜੇਤੂ ਵਿਦਿਆਰਥੀਆਂ ਅਤੇ ਕੋਚ ਨੂੰ ਵਧਾਈ ਦਿੱਤੀ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਉਮਰ ਵਰਗਾਂ ਵਿਚ ਕਈ ਅਹਿਮ ਸਥਾਨ ਹਾਸਿਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਹ ਮੁਕਾਬਲੇ ਗੁਰੂ ਅਰਜਨ ਦੇਵ ਸਟੇਡੀਅਮ, ਪੁਲਿਸ ਲਾਈਨ, ਤਰਨਤਾਰਨ ਵਿਖੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਅੰਡਰ-14 ਉਮਰ ਵਰਗ ਵਿਚ ਪ੍ਰਿੰਸ ਕੁਮਾਰ ਨੇ 100 ਮੀਟਰ ਦੌੜ ਤੇ 80 ਮੀਟਰ ਹਰਡਲਜ਼ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਉਮਰ ਵਰਗ ਦੀ 4×100 ਮੀਟਰ ਰਿਲੇਅ ਦੌੜ ਵਿਚ ਪ੍ਰਿੰਸ ਕੁਮਾਰ, ਉਦੈਪਾਲ ਸਿੰਘ, ਕਰਨਪ੍ਰੀਤ ਸਿੰਘ ਤੇ ਸ਼ਹਿਬਾਜ਼ਵੀਰ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਾਹਿਲਪ੍ਰੀਤ ਸਿੰਘ ਨੇ ਅੰਡਰ 17 ਉਮਰ ਵਰਗ ਵਿਚ 400 ਮੀਟਰ ਹਰਡਲਜ਼ ਦੌੜ ਅਤੇ ਜੈਵਲਿਨ ਥਰੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਉਮਰ ਵਰਗ ਵਿਚ ਆਕਾਸ਼ਦੀਪ ਸਿੰਘ ਨੇ ਜੈਵਲਿਨ ਥਰੋ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਉਮਰ ਵਰਗ ਵਿਚ ਗੁਰਸ਼ਾਨ ਸਿੰਘ ਨੇ 400 ਮੀਟਰ ਹਰਡਲ ਵਿਚ ਦੂਜਾ ਸਥਾਨ ਅਤੇ 4x100 ਮੀਟਰ ਰਿਲੇਅ ਦੌੜ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਵਾਧਾ ਕੀਤਾ। ਅੰਡਰ 17 ਰਿਲੇਅ ਰੇਸ ਵਿਚ ਸਾਹਿਲਪ੍ਰੀਤ ਸਿੰਘ, ਸੁਖਮਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਵਿਦਿਆਰਥੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 400 ਮੀਟਰ ਦੌੜ ਵਿਚ ਸ਼ਹਿਬਾਜ਼ਵੀਰ ਸਿੰਘ ਨੇ ਅੰਡਰ 14 ਉਮਰ ਵਰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਪਿੱਛੇ ਕੋਚ ਸੁਖਵਿੰਦਰ ਸਿੰਘ, ਰੇਸ਼ਮ ਸਿੰਘ ਅਤੇ ਰਾਜਬੀਰ ਕੌਰ ਦੀ ਮਿਹਨਤ, ਸਹੀ ਮਾਰਗਦਰਸ਼ਨ ਅਤੇ ਅਗਵਾਈ ਦਾ ਅਹਿਮ ਯੋਗਦਾਨ ਰਿਹਾ। ਇਹ ਮੁਕਾਬਲੇ ਏਈਓ ਮਨਿੰਦਰ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਜੁਗਰਾਜ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਜੇਤੂ ਵਿਦਿਆਰਥੀਆਂ ਅਤੇ ਕੋਚ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਅਨੁਸ਼ਾਸਨ, ਮਿਹਨਤ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਹੋਰ ਖੇਡ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸੰਸਥਾ ਲਈ ਇਹ ਪ੍ਰਾਪਤੀਆਂ ਮਾਣ ਵਾਲੀ ਗੱਲ ਹਨ ਅਤੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹਨ।