ਸੰਘਰਸ਼ ਕਮੇਟੀ ਨੇ ਪਰਵਿੰਦਰ ਝੋਟੇ ਦੇ ਹੱਕ ’ਚ ਸੀਐੱਮ ਦਾ ਪੁਤਲਾ ਫੂਕਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਰਵਿੰਦਰ ਸਿੰਘ ਝੋਟੇ ਦੇ ਹੱਕ ’ਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ
Publish Date: Fri, 16 Oct 2026 06:18 PM (IST)
Updated Date: Sat, 17 Oct 2026 04:03 AM (IST)
ਕੈਪਸ਼ਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦੇ ਹੋਏ। * ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ’ਚ ਸਾਥ ਦੇਣ ਦਾ ਐਲਾਨ ਲਵਦੀਪ ਦੇਵਗਨ•, ਪੰਜਾਬੀ ਜਾਗਰਣ ਸਰਹਾਲੀ ਕਲਾਂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਤਰਨਤਾਰਨ ਇਕਾਈ ਵੱਲੋਂ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪਰਵਿੰਦਰ ਸਿੰਘ ਝੋਟੇ ਦੇ ਹੱਕ ’ਚ ਅਤੇ ਪੰਜਾਬ ’ਚ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਕੀਤਾ ਗਿਆ। ਜਥੇਬੰਦੀ ਨੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਇਸ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਸਮੇਤ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਵਧਦਾ ਪ੍ਰਚਲਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਨਸ਼ਿਆਂ ਨੂੰ ਖ਼ਤਮ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਇਸ ਸਮੱਸਿਆ ਨੂੰ ਰੋਕਣ ਵਿਚ ਨਾਕਾਮ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਨਸ਼ਿਆਂ ਦੀ ਵਿਕਰੀ ਹੋਣ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਖ਼ਤਰੇ ਵਿਚ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਪਰਵਿੰਦਰ ਸਿੰਘ ਝੋਟੇ ਨਾਲ ਵਾਪਰੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਪਾਸੇ ਨਸ਼ਿਆਂ ਦਾ ਕਾਰੋਬਾਰ ਵਧ ਰਿਹਾ ਹੈ ਅਤੇ ਦੂਜੇ ਪਾਸੇ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲਿਆਂ ਨੂੰ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਆਮ ਲੋਕਾਂ ਵਿਚ ਵੀ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਵੱਲੋਂ ਇਨਸਾਫ਼ ਲਈ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਸ ਦੀ ਪੂਰਨ ਹਮਾਇਤ ਕਰੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨਸਾਫ਼ ਦੀ ਇਸ ਲੜਾਈ ਵਿਚ ਪਰਿਵਾਰ ਦਾ ਵੱਧ-ਚੜ੍ਹ ਕੇ ਸਾਥ ਦੇਣ, ਤਾਂ ਜੋ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ਵਿਚ ਇਨਸਾਫ਼ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਦਿਆਲ ਸਿੰਘ ਮੀਆਂਵਿੰਡ, ਹਰਭਿੰਦਰਜੀਤ ਸਿੰਘ ਕੰਗ, ਸਤਨਾਮ ਸਿੰਘ ਖੋਜਕੀਪੁਰ, ਨਰਿੰਦਰ ਸਿੰਘ ਪੱਖੋਪੁਰ, ਗਿਆਨ ਸਿੰਘ ਚੋਹਲਾ ਖੁਰਦ, ਲਖਵਿੰਦਰ ਸਿੰਘ ਸੰਗਤਪੁਰ, ਸੁਖਵਿੰਦਰ ਸਿੰਘ ਦੁੱਗਲਵਾਲਾ, ਜਗਜੀਤ ਸਿੰਘ ਭਲੋਜਲਾ, ਸੁਖਚੈਨ ਸਿੰਘ ਅਲੋਵਾਲ, ਜਵਾਹਰ ਸਿੰਘ ਟਾਂਡਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।