ਨੌਜਵਾਨ ਕਵੀ ਜਸਪਾਲ ਸੰਧੂ ਦਾ ਕਾਵਿ-ਸੰਗ੍ਰਹਿ ‘ਛਿਲਤਰ’ ਲੋਕ ਅਰਪਣ ਨੌਜਵਾਨ ਕਵੀ ਜਸਪਾਲ ਸੰਧੂ ਦਾ ਕਾਵਿ-ਸੰਗ੍ਰਹਿ ‘ਛਿਲਤਰ’ ਲੋਕ ਅਰਪਣ
Publish Date: Fri, 16 Oct 2026 06:06 PM (IST)
Updated Date: Sat, 17 Oct 2026 04:01 AM (IST)
ਕੈਪਸ਼ਨ : ਨੌਜਵਾਨ ਕਵੀ ਜਸਪਾਲ ਸੰਧੂ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਛਿਲਤਰ’ ਦਾ ਲੋਕ ਅਰਪਣ ਕਰਨ ਮੌਕੇ ਵੱਖ-ਵੱਖ ਸ਼ਖਸੀਅਤਾਂ। * ਹਰਮੀਤ ਵਿਦਿਆਰਥੀ ਦੀ ਪ੍ਰਧਾਨਗੀ ਹੇਠ ਹੋਈ ਸਾਹਿਤਕ ਵਿਚਾਰ-ਚਰਚਾ * ਵਿਜੇ ਵਿਵੇਕ ਨੇ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਕੀਲਿਆ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਨੌਜਵਾਨ ਕਵੀ ਜਸਪਾਲ ਸੰਧੂ ਦੇ ਨਵ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਛਿਲਤਰ’ ਦੇ ਲੋਕ ਅਰਪਣ ਅਤੇ ਵਿਚਾਰ-ਚਰਚਾ ਸਬੰਧੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਉਘੇ ਗ਼ਜ਼ਲਗੋ ਵਿਜੇ ਵਿਵੇਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਉਘੇ ਲੇਖਕ ਹਰਮੀਤ ਵਿਦਿਆਰਥੀ ਨੇ ਪ੍ਰਧਾਨਗੀ ਕੀਤੀ। ਉਘੇ ਕਹਾਣੀਕਾਰ ਪ੍ਰੋਫੈਸਰ ਸਿਮਰਨ ਧਾਲੀਵਾਲ ਨੇ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਸਮਾਗਮ ਦੌਰਾਨ ਕਾਵਿ-ਸੰਗ੍ਰਹਿ ਦੇ ਸਾਹਿਤਕ ਪੱਖਾਂ ਨੂੰ ਵਿਚਾਰ-ਚਰਚਾ ਦਾ ਕੇਂਦਰ ਬਣਾਇਆ ਗਿਆ। ਇਸ ਸਬੰਧੀ ਸੁਖਜਿੰਦਰ ਅਤੇ ਡਾ. ਬੇਅੰਤ ਸਿੰਘ ਸਰਾਂ ਨੇ ਖੋਜ-ਪੱਤਰ ਪੇਸ਼ ਕੀਤੇ। ਸੁਖਜਿੰਦਰ ਨੇ ਆਪਣੇ ਪਰਚੇ ਵਿਚ ਕਿਹਾ ਕਿ ਜਸਪਾਲ ਸੰਧੂ ਨੇ ‘ਛਿਲਤਰ’ ਵਿਚ ਛੰਦ-ਵਿਧਾਨ ਦਾ ਧਿਆਨ ਰੱਖਦਿਆਂ ਪੇਂਡੂ ਲਹਿਜ਼ੇ ਵਿਚ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਅਨੁਸਾਰ, ਇਸ ਕਾਵਿ-ਸੰਗ੍ਰਹਿ ਵਿਚ ਪੁਰਾਣੀ ਕਾਵਿ-ਪਰੰਪਰਾ ਨਵੇਂ ਰੰਗ ਵਿਚ ਸਾਹਮਣੇ ਆਉਂਦੀ ਹੈ। ਇਸ ਦੀ ਮੌਲਿਕਤਾ ਅਤੇ ਸੱਜਰਾਪਨ ਹੀ ਇਸ ਦੀ ਵਿਸ਼ੇਸ਼ ਪ੍ਰਾਪਤੀ ਹੈ। ਡਾ. ਹਰਿੰਦਰ ਸਿੰਘ ਦੁਆਰਾ ਲਿਖੇ ਖੋਜ-ਪੱਤਰ ਨੂੰ ਡਾ. ਬੇਅੰਤ ਸਿੰਘ ਸਰਾਂ ਨੇ ਪੜ੍ਹਦਿਆਂ ਇਸ ਕਾਵਿ-ਸੰਗ੍ਰਹਿ ਦੇ ਵੱਖ-ਵੱਖ ਸਾਹਿਤਕ ਪੱਖਾਂ ਅਤੇ ਕਵਿਤਾਵਾਂ ਵਿਚ ਪ੍ਰਗਟਾਏ ਸਰੋਕਾਰਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਜਸਪਾਲ ਸੰਧੂ ਦੀ ਕਾਵਿ-ਸਿਰਜਣਾ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਰਚਨਾਵਾਂ ਦੇ ਮਹੱਤਵਪੂਰਨ ਪੱਖਾਂ ਵੱਲ ਧਿਆਨ ਦਿਵਾਇਆ। ਸਮਾਗਮ ਨੂੰ ਕਾਵਿਕ ਰੰਗ ਦਿੰਦਿਆਂ ਹਰਮੀਤ ਵਿਦਿਆਰਥੀ ਨੇ ਬੱਚਿਆਂ ਨੂੰ ਕਵਿਤਾਵਾਂ ਸੁਣਾਈਆਂ ਅਤੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕਰਕੇ ਉਨ੍ਹਾਂ ਨੂੰ ਸਾਹਿਤ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਉਘੇ ਗ਼ਜ਼ਲਗੋ ਵਿਜੇ ਵਿਵੇਕ ਨੇ ਆਪਣੀਆਂ ਗ਼ਜ਼ਲਾਂ ਦੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਸਮਾਗਮ ਨੂੰ ਆਪਣੇ ਸਿਖ਼ਰ ਤੇ ਪਹੁੰਚਾ ਦਿੱਤਾ। ਵਿਜੇ ਵਿਵੇਕ ਨੇ ਪ੍ਰਬੰਧਕਾਂ ਦੀ ਇਹੋ ਜਿਹੇ ਖੂਬਸੂਰਤ ਸਮਾਗਮ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ ਅਤੇ ਜਸਪਾਲ ਸੰਧੂ ਦੀਆਂ ਕਾਵਿ-ਸਮਰੱਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਤੋਂ ਪੰਜਾਬੀ ਕਵਿਤਾ ਨੂੰ ਇਕ ਨਵੀਂ ਉਮੀਦ ਨਜ਼ਰ ਆਉਂਦੀ ਹੈ। ਕਾਵਿ-ਸੰਗ੍ਰਹਿ ਦੇ ਰਚੇਤਾ ਜਸਪਾਲ ਸੰਧੂ ਨੇ ਆਪਣੀ ਸਿਰਜਣ-ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਵਿਤਾਵਾਂ ਦੀ ਰਚਨਾ ਸਮੇਂ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਉਚੇਚ ਨਹੀਂ ਕੀਤਾ। ਉਨ੍ਹਾਂ ਅਨੁਸਾਰ, ਕਵਿਤਾਵਾਂ ਦਾ ਛੰਦ-ਵਿਧਾਨ ਅਤੇ ਬਹਿਰ ਆਦਿ ਸਭ ਕੁਝ ਸੁਭਾਵਿਕ ਰੂਪ ਵਿਚ ਹੀ ਸਿਰਜਿਆ ਗਿਆ ਹੈ। ਪੱਟੀ ’ਚ ਨਵੇਂ ਨੌਜਵਾਨ ਲੇਖਕਾਂ ਦਾ ਸਾਹਿਤਕ ਖੇਤਰ ’ਚ ਅੱਗੇ ਆਉਣਾ ਸ਼ੁਭ ਸ਼ਗਨ : ਡਾ. ਸੰਧੂ ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਪੱਟੀ ਵਰਗੇ ਇਲਾਕੇ ਵਿਚ ਨਵੇਂ ਨੌਜਵਾਨ ਲੇਖਕਾਂ ਦਾ ਸਾਹਿਤਕ ਖੇਤਰ ਵਿਚ ਅੱਗੇ ਆਉਣਾ ਇਕ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਅਤੇ ਸਿਰਜਣਾਤਮਕ ਸੰਵਾਦ ਨੂੰ ਹੁਲਾਰਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸਮਾਗਮ ਦੇ ਸਫ਼ਲ ਆਯੋਜਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ ਦੇ ਪ੍ਰਿੰਸੀਪਲ ਡਾ. ਗੁਰਚਰਨਜੀਤ ਸਿੰਘ ਅਤੇ ਸਮੂਹ ਪ੍ਰੋਫ਼ੈਸਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਾਲਜ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅੰਤ ’ਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਚਰਨਜੀਤ ਸਿੰਘ ਨੇ ਨੌਜਵਾਨ ਕਵੀ ਜਸਪਾਲ ਸੰਧੂ ਨੂੰ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਨ ਦੀ ਵਧਾਈ ਦਿੱਤੀ ਅਤੇ ਸਮਾਗਮ ਵਿਚ ਸ਼ਾਮਿਲ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਤੋਂ ਇਲਾਵਾ ਮਾਝਾ ਜਨਵਾਦੀ ਲਿਖਾਰੀ ਸਭਾ ਤੋਂ ਹਰਦਰਸ਼ਨ ਕਮਲ, ਕੁਲਜੀਤ ਕੌਰ ਮੰਡ, ਪਰਜਿੰਦਰ ਕਲੇਰ ਅਤੇ ਡਾ. ਹੀਰਾ ਸਿੰਘ, ਡਾ. ਇੰਦਰਪ੍ਰੀਤ ਧਾਮੀ, ਮਨਮਿੰਦਰ ਢਿੱਲੋਂ, ਗੀਤਕਾਰ ਕਵਲਜੀਤ ਢਿੱਲੋਂ, ਜੱਸ ਅਮਰਕੋਟੀ, ਵਿਕਟਰ ਮਸੀਹ, ਧਰਮਬੀਰ ਚੀਮਾ, ਰਣਜੀਤ ਮਹਿਦੀਪੁਰ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਜਗਰੂਪ ਸਿੰਘ ਛੀਨਾ, ਕਰਮ ਸਿੰਘ, ਸਤਨਾਮ ਸਿੰਘ ਮਨਾਵਾਂ, ਹਰਨੰਦ ਬੱਲਿਆਂਵਾਲਾ, ਨਿਰਮਲ ਖਾਲੜਾ ਸਮੇਤ ਵੱਡੀ ਗਿਣਤੀ ਵਿਚ ਸਾਹਿਤ-ਪ੍ਰੇਮੀ ਹਾਜ਼ਰ ਸਨ।