ਪਰਵਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਸਰਕਾਰ ਦੇ ਮੱਥੇ ’ਤੇ ਕਲੰਕ : ਐੱਸਕੇਐੱਮ ਪਰਵਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਸਰਕਾਰ ਦੇ ਮੱਥੇ ’ਤੇ ਕਲੰਕ : ਐੱਸਕੇਐੱਮ
Publish Date: Fri, 16 Oct 2026 05:56 PM (IST)
Updated Date: Sat, 17 Oct 2026 04:01 AM (IST)
ਕੈਪਸ਼ਨ - ਪੱਕੇ ਮੋਰਚੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ। * ਮਾਨ ਸਰਕਾਰ ਦਾ ਰਵੱਈਆ ਤਾਨਾਸ਼ਾਹੀ ਵਾਲਾ : ਆਗੂ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ’ਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਦਾ ਵਿਰੋਧ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਹੋਏ ਕਤਲ ਨੂੰ ਪੰਜਾਬ ਸਰਕਾਰ ਦੇ ਮੱਥੇ ’ਤੇ ਕਲੰਕ ਦੱਸਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਤਰਸੇਮ ਸਿੰਘ ਲੁਹਾਰ, ਜੱਸਾ ਸਿੰਘ ਕੱਦਗਿੱਲ ਦੀ ਅਗਵਾਈ ਹੇਠ ਕਿਸਾਨਾਂ ਨੇ 15 ਅਕਤੂਬਰ ਨੂੰ ਮਾਨ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਦਿਨ ਦਿਹਾੜੇ ਹੋ ਰਹੇ ਕਤਲਾਂ ਕਰਕੇ ਪੰਜਾਬ ਵਿਚ ਕਾਨੂੰਨ ਅਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਪਰ ਭਗਵੰਤ ਮਾਨ ਸਰਕਾਰ ਚੁਟਕਲੇ ਸੁਣਾ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਖੜ ਰਹੀ ਹੈ। ਆਗੂਆਂ ਨੇ ਪੰਜਾਬ ਦੇ ਮੁੱਦੇ ਹੱਲ ਕਰਨ ਦੀ ਬਜਾਏ ਕਰਜ਼ ਚੁੱਕ ਕੇ ਪੂਰੇ ਪੰਜਾਬ ਵਿਚ ਸਰਕਾਰ ਦੇ ਗੁਣਗਾਨ ਕਰਨ ਵਾਲੇ ਹੋਰਡਿੰਗ ਲਗਾਉਣ ਦੀ ਨੀਤੀ ਨੂੰ ਪੰਜਾਬ ਲਈ ਮੰਦਭਾਗਾ ਦੱਸਿਆ। ਆਗੂਆਂ ਨੇ ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਮਸਲੇ ’ਤੇ ਧਾਰਨ ਕੀਤੇ ਅੱਖੜ ਵਤੀਰੇ ਖਿਲਾਫ਼ ਸਖਤ ਐਕਸ਼ਨ ਦੀ ਵਿਉਂਤਬੰਦੀ ਲਈ 18 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਹੋ ਰਹੀ ਮੀਟਿੰਗ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤੇ ਜਾਣ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਦਲਜੀਤ ਸਿੰਘ ਦਿਆਲਪੁਰਾ, ਜਸਬੀਰ ਸਿੰਘ ਨਿੱਝਰਪੁਰ, ਰੇਸ਼ਮ ਸਿੰਘ ਫੈਲੋਕੇ, ਹਰਭਜਨ ਸਿੰਘ ਚੂਸਲੇਵੜ੍ਹ, ਰਤਨ ਸਿੰਘ ਢੰਡ, ਦਾਰਾ ਸਿੰਘ ਮੁੰਡਾਪਿੰਡ, ਸੁਰਿੰਦਰ ਸਿੰਘ ਖੱਬੇ ਰਾਜਪੂਤਾਂ, ਸੁਖਜੀਤ ਸਿੰਘ ਜਵੰਦਾ, ਰਛਪਾਲ ਸਿੰਘ ਬਾਠ, ਰਾਜਗੋਬਿੰਦ ਸਿੰਘ ਜਮਾਲਪੁਰ, ਤਰਲੋਚਨ ਸਿੰਘ ਤਰਨਤਾਰਨ, ਦਲਜੀਤ ਸਿੰਘ ਸ਼ੇਰੋਂ, ਸੁਖਜੀਤ ਸਿੰਘ ਡੁਗਰੀ, ਜੁਗਰਾਜ ਸਿੰਘ, ਕਸ਼ਮੀਰ ਸਿੰਘ ਫੈਲੋਕੇ, ਅਸ਼ੋਕ ਕੁਮਾਰ, ਮੇਜਰ ਸਿੰਘ ਦਿਆਲਪੁਰਾ ਆਦਿ ਨੇ ਪੰਜਾਬ ਬੰਦ ਦੇ ਸੱਦੇ ਦੀ ਡਟਵੀਂ ਹਮਾਇਤ ਕਰਦਿਆਂ ਮਾਨ ਸਰਕਾਰ ਕੋਲੋਂ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ।