ਭਾਈ ਗੁਰਦਾਸ ਅਕੈਡਮੀ ਦੇ ਵਿਦਿਆਰਥੀਆਂ ਦਾ ਵਿੱਦਿਅਕ ਤੇ ਮਨੋਰੰਜਕ ਦੌਰਾ ਵਿਦਿਆਰਥੀਆਂ ਦਾ ਸਾਡਾ ਪਿੰਡ, ਅੰਮ੍ਰਿਤਸਰ ’ਚ ਸਿੱਖਿਆਦਾਇਕ ਤੇ ਮਨੋਰੰਜਕ ਦੌਰਾ
Publish Date: Fri, 16 Oct 2026 05:49 PM (IST)
Updated Date: Sat, 17 Oct 2026 04:01 AM (IST)
ਕੈਪਸ਼ਨ - ‘ਸਾਡਾ ਪਿੰਡ’ ਅੰਮ੍ਰਿਤਸਰ ਵਿਖੇ ਭਾਈ ਗੁਰਦਾਸ ਅਕੈਡਮੀ ਦੇ ਵਿਦਿਆਰਥੀ ਸਿੱਖਿਆਦਾਇਕ ਤੇ ਮਨੋਰੰਜਕ ਦੌਰਾ ਕਰਦੇ ਹੋਏ। ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਭਾਈ ਗੁਰਦਾਸ ਅਕੈਡਮੀ, ਪੰਡੋਰੀ ਰਣ ਸਿੰਘ ਦੇ ਵਿਦਿਆਰਥੀਆਂ ਵੱਲੋਂ 14 ਅਕਤੂਬਰ ਨੂੰ ਸਾਡਾ ਪਿੰਡ, ਅੰਮ੍ਰਿਤਸਰ ਵਿਖੇ ਇਕ ਸਿੱਖਿਆਦਾਇਕ ਅਤੇ ਮਨੋਰੰਜਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਪੁਰਾਤਨ ਜੀਵਨ-ਸ਼ੈਲੀ ਨਾਲ ਜਾਣੂੰ ਕਰਵਾਉਣਾ ਸੀ। ਸਾਡਾ ਪਿੰਡ ਪਹੁੰਚਣ ’ਤੇ ਉੱਥੋਂ ਦੇ ਸਟਾਫ਼ ਵੱਲੋਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਥਾਨ ’ਤੇ ਪੁਰਾਣੇ ਪੰਜਾਬ ਦੀ ਝਲਕ ਅਤੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਵਿਦਿਆਰਥੀਆਂ ਨੇ ਉੱਥੇ ਕਠਪੁਤਲੀ ਦਾ ਖੇਡ, ਗਤਕਾ, ਜਾਦੂ ਦਾ ਪ੍ਰਦਰਸ਼ਨ ਅਤੇ ਬਾਜ਼ੀਗਰਾਂ ਦੇ ਕਰਤੱਬਾਂ ਦਾ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਮੌਤ ਦੇ ਖੂਹ ਦਾ ਖ਼ਤਰਨਾਕ ਪ੍ਰਦਰਸ਼ਨ, ਭੁੱਲ-ਭੁਲੱਈਆ, ਸਿੱਕਿਆਂ ਨਾਲ ਜੁੜੀਆਂ ਦਿਲਚਸਪ ਗਤੀਵਿਧੀਆਂ, ਬੋਟਿੰਗ, ਝੂਲਿਆਂ ਅਤੇ ਊਠ ਦੀ ਸਵਾਰੀ ਦਾ ਵੀ ਆਨੰਦ ਲਿਆ। ਵਿਦਿਆਰਥੀਆਂ ਨੇ ਪੰਜਾਬੀ ਵਿਰਸੇ ਦੇ ਪ੍ਰਤੀਕ ਚਰਖਾ, ਫੁਲਕਾਰੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਨੂੰ ਦੇਖ ਕੇ ਪੰਜਾਬ ਦੇ ਸ਼ਾਨਦਾਰ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਰਵਾਇਤੀ ਪੰਜਾਬੀ ਸੰਗੀਤ ਨੇ ਇਸ ਦੌਰੇ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਵਿਦਿਆਰਥੀਆਂ ਨੇ ਪੰਜਾਬ ਦੇ ਰਵਾਇਤੀ ਪਕਵਾਨਾਂ ਦਾ ਸੁਆਦ ਵੀ ਚੱਖਿਆ। ਦੁਪਹਿਰ ਦੇ ਖਾਣੇ ਵਿਚ ਉਨ੍ਹਾਂ ਨੇ ਪੰਜਾਬ ਦੀ ਮਸ਼ਹੂਰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਆਨੰਦ ਮਾਣਿਆ, ਜਿਸ ਨਾਲ ਉਨ੍ਹਾਂ ਨੂੰ ਪੰਜਾਬੀ ਖਾਣ-ਪੀਣ ਦੀਆਂ ਰਵਾਇਤਾਂ ਨੂੰ ਨੇੜਿਓ ਜਾਣਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਅਤੇ ਯਾਦਗਾਰੀ ਪਲਾਂ ਨੂੰ ਤਸਵੀਰਾਂ ਰਾਹੀਂ ਆਪਣੇ ਕੈਮਰਿਆਂ ਵਿਚ ਕੈਦ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਕੀਤਾ ਅਤੇ ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਰਵਾਇਤੀ ਜੀਵਨ-ਸ਼ੈਲੀ ਨੂੰ ਨੇੜਿਓ ਜਾਣਿਆ। ਇਹ ਦੌਰਾ ਵਿਦਿਆਰਥੀਆਂ ਲਈ ਬੇਹੱਦ ਖ਼ੁਸ਼ੀ ਭਰਿਆ, ਗਿਆਨਵਰਧਕ ਅਤੇ ਯਾਦਗਾਰੀ ਸਾਬਿਤ ਹੋਇਆ।