ਸਰਹਾਲੀ ਕਲਾਂ ਦੀ ਧੀ ਨੇ ਕੌਮੀ ਪੱਧਰ ’ਤੇ ਜਿੱਤਿਆ ਚਾਂਦੀ ਦਾ ਤਮਗਾ : ਗੁਰਮਹਾਂਵੀਰ ਸੰਧੂ ਸਰਹਾਲੀ ਕਲਾਂ ਦੀ ਧੀ ਨੇ ਕੌਮੀ ਪੱਧਰ ’ਤੇ ਜਿੱਤਿਆ ਚਾਂਦੀ ਦਾ ਤਮਗਾ : ਗੁਰਮਹਾਂਵੀਰ ਸਿੰਘ ਸੰਧੂ
Publish Date: Fri, 16 Oct 2026 05:22 PM (IST)
Updated Date: Sat, 17 Oct 2026 04:00 AM (IST)
ਕੈਪਸ਼ਨ - ਜੇਤੂ ਲੜਕੀ ਜੈਸਮੀਨ ਕੌਰ ਨੂੰ ਸਨਮਾਨਿਤ ਕਰਦੇ ਹੋਏ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ। * ਹੈਮਰ ਥਰੋ ਮੁਕਾਬਲੇ ’ਚ ਦੇਸ਼ ਭਰ ’ਚੋਂ ਦੂਜਾ ਸਥਾਨ ਹਾਸਿਲ ਕਰਕੇ ਪੰਜਾਬ ਤੇ ਪਿੰਡ ਦਾ ਮਾਣ ਵਧਾਇਆ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਪਿੰਡ ਸਰਹਾਲੀ ਕਲਾਂ ਦੇ ਵਸਨੀਕ ਸੁਲੱਖਣ ਸਿੰਘ ਸੰਧੂ ਦੀ ਲੜਕੀ ਜੈਸਮੀਨ ਕੌਰ ਨੇ ਹੈਦਰਾਬਾਦ ਵਿਖੇ ਹੋਈ ਸੀਆਈਐੱਸਈ ਨੈਸ਼ਨਲ ਲੈਵਲ ਚੈਂਪੀਅਨਸ਼ਿਪ-2026 ਦੇ ਹੈਮਰ ਥਰੋ ਮੁਕਾਬਲੇ ਵਿਚ ਦੇਸ਼ ਭਰ ’ਚੋਂ ਦੂਜਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ ਹੈ। ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਜਿਥੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ, ਉਥੇ ਹੀ ਉਸ ਨੇ ਪੰਜਾਬ ਤੇ ਆਪਣੇ ਜੱਦੀ ਪਿੰਡ ਸਰਹਾਲੀ ਕਲਾਂ ਦਾ ਨਾਂ ਵੀ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੇਵਾਦਾਰ ਹਲਕਾ ਪੱਟੀ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਨੇ ਸੁਲੱਖਣ ਸਿੰਘ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਧੀ ਵੱਲੋਂ ਕੌਮੀ ਪੱਧਰ ਦੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਜਿੱਤਣਾ ਬੇਹੱਦ ਮਾਣ ਵਾਲੀ ਗੱਲ ਹੈ। ਗੁਰਮਹਾਂਵੀਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਧੀਆਂ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਖੇਡਾਂ ਦੇ ਖੇਤਰ ਵਿਚ ਕੌਮੀ ਪੱਧਰ ’ਤੇ ਅਜਿਹੀ ਪ੍ਰਾਪਤੀ ਹਾਸਿਲ ਕਰਨਾ ਬੇਟੀ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਅਤੇ ਹੌਸਲਾ ਮਿਲੇ ਤਾਂ ਉਹ ਵੱਡੀਆਂ ਮੰਜ਼ਿਲਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਜਥੇਬੰਦੀ ਵੱਲੋਂ ਬੇਟੀ ਅਤੇ ਉਸ ਦੇ ਪਰਿਵਾਰ ਨੂੰ ਦਿਲੋਂ ਮੁਬਾਰਕਬਾਦ ਦਿੰਦੇ ਹਨ ਅਤੇ ਨਾਲ ਹੀ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਬੇਟੀ ਖੇਡਾਂ ਦੇ ਖੇਤਰ ਵਿਚ ਹੋਰ ਵੱਡੀਆਂ ਮੱਲਾਂ ਮਾਰੇ ਅਤੇ ਭਵਿੱਖ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਵੀ ਦੇਸ਼ ਦਾ ਨਾਂ ਰੌਸ਼ਨ ਕਰੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਪ੍ਰਾਪਤੀ ਨਾਲ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਖੇਡਾਂ ਵਿਚ ਹਿੱਸਾ ਲੈਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੀ ਪ੍ਰੇਰਣਾ ਮਿਲੇਗੀ।