ਐਂਟੀ ਪਲਿਊਸ਼ਨ ਆਰਗੇਨਾਈਜ਼ੇਸ਼ਨ ਨੇ ਕੀਤਾ ਐਡਵੋਕੇਟ ਕੰਵਲਜੀਤ ਕੌਰ ਦਾ ਸਨਮਾਨ ਐਂਟੀ ਪਲਿਊਸ਼ਨ ਆਰਗੇਨਾਈਜ਼ੇਸ਼ਨ ਨੇ ਕੀਤਾ ਐਡਵੋਕੇਟ ਕੰਵਲਜੀਤ ਕੌਰ ਦਾ ਸਨਮਾਨ
Publish Date: Fri, 16 Oct 2026 05:18 PM (IST)
Updated Date: Sat, 17 Oct 2026 04:00 AM (IST)
ਕੈਪਸ਼ਨ -ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਮੀਤ ਪ੍ਰਧਾਨ ਐਡਵੋਕੇਟ ਕੰਵਲਜੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਐਂਟੀ ਪਲਿਊਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਅਤੇ ਹੋਰ ਅਹੁਦੇਦਾਰ। ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਦਿਨ-ਬ-ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਤੇ ਹੋਰ ਸਮਾਜਿਕ ਕਾਰਜਾਂ ’ਚ ਮੋਹਰੀ ਹੋ ਕੇ ਕਮ ਕਰਨ ਵਿਚ ਮੁੱਖ ਭੂਮਿਕਾ ਨਿਭਾ ਰਹੀ ਸੰਸਥਾ ਐਂਟੀ ਪਲਿਊਸ਼ਨ ਆਰਗੇਨਾਈਜ਼ੇਸ਼ਨ ਦੀ ਵਿਸ਼ੇਸ਼ ਮੀਟਿੰਗ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਪੰਜਾਬ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਮੀਤ ਪ੍ਰਧਾਨ ਐਡਵੋਕੇਟ ਕੰਵਲਜੀਤ ਕੌਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜਿਨ੍ਹਾਂ ਦੇ ਮੀਟਿੰਗ ’ਚ ਪਹੁੰਚਣ ’ਤੇ ਸੰਸਥਾ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਅਤੇ ਹੋਰ ਅਹੁਦੇਦਾਰਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਰਵਸੰਮਤੀ ਨਾਲ ਐਡਵੋਕੇਟ ਕੰਵਲਜੀਤ ਕੌਰ ਨੂੰ ਐਂਟੀ ਪਲਿਊਸ਼ਨ ਆਰਗੇਨਾਈਜ਼ੇਸ਼ਨ ਦੇ ਲੀਗਲ ਐਡਵਾਈਜ਼ਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ। ਐਡਵੋਕੇਟ ਕੰਵਲਜੀਤ ਕੌਰ ਨੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਉਨ੍ਹਾਂ ਨੂੰ ਇਸ ਅਹੁਦੇ ਤੇ ਨਿਯੁਕਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਂਦੇ ਹੋਏ ਸੰਸਥਾ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਇਸ ਦੇ ਸੁਧਾਰ ਲਈ ਕੰਮ ਕਰਨਾ ਸਮਾਜ ਦੀ ਸਭ ਤੋਂ ਵੱਡੀ ਸੇਵਾ ਹੈ। ਮੇਰੇ ਲਈ ਇਸ ਸੰਸਥਾ ਨਾਲ ਜੁੜ ਕੇ ਕੰਮ ਕਰਨਾ ਮਾਣ ਵਾਲੀ ਗੱਲ ਹੈ। ਮੀਟਿੰਗ ਦੌਰਾਨ ਸੰਸਥਾ ਦੇ ਪੰਜਾਬ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਅਜੋਕੇ ਦੌਰ ਵਿਚ ਜਿਸ ਪ੍ਰਕਾਰ ਆਵਾਜ਼, ਹਵਾ ਅਤੇ ਪਾਣੀ ਵਿਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ, ਉਹ ਸਾਡੇ ਆਉਣ ਵਾਲੇ ਕੱਲ੍ਹ ਲਈ ਖ਼ਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ। ਇਸ ਲਈ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਇਹੀ ਬਣਦਾ ਹੈ ਕਿ ਅਸੀਂ ਸਾਰੇ ਪ੍ਰਦੂਸ਼ਣ ਨੂੰ ਘਟਾ ਕੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਕੰਮ ਕਰੀਏ। ਇਸ ਨਾਲ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿਹਤਮੰਦ ਤੇ ਸੁਰੱਖਿਅਤ ਰਹਿ ਸਕਣਗੀਆਂ। ਮੀਟਿੰਗ ਦੌਰਾਨ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ, ਲੀਗਲ ਐਡਵਾਈਜ਼ਰ ਐਡਵੋਕੇਟ ਕੰਵਲਜੀਤ ਕੌਰ ਤੋਂ ਇਲਾਵਾ ਆਰਐੱਨ ਸਿੰਘ, ਤਰਸੇਮ ਸ਼ਰਮਾ, ਸੁਮਿਤ ਕੁਮਾਰ ਸਿੰਧੀ, ਕ੍ਰਿਸ਼ਨ ਦੇਵ ਤੇਜਪਾਲ, ਸੁਤੰਤਰ ਕੁਮਾਰ ਪੱਪੀ, ਗੁਰਿੰਦਰ ਸਿੰਘ ਮਿੱਟੀਪੁੱਟ, ਰਮੇਸ਼ ਗੁਪਤਾ ਆਦਿ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ।