ਪਰਵਿੰਦਰ ਝੋਟੇ ਕਤਲ ਦੇ ਰੋਸ ਵਜੋਂ ਪਿੰਡ ਤੁੜ 'ਚ ਡੀਜੀਪੀ ਤੇ ਸੀਐੱਮ ਦਾ ਪੁਤਲਾ ਸਾੜਿਆ ਪਰਵਿੰਦਰ ਝੋਟੇ ਦੇ ਕਤਲ ਦੇ ਰੋਸ ਵਜੋਂ ਪਿੰਡ ਤੁੜ 'ਚ ਡੀਜੀਪੀ ਤੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
Publish Date: Fri, 16 Oct 2026 05:03 PM (IST)
Updated Date: Sat, 17 Oct 2026 04:00 AM (IST)
ਕੈਪਸ਼ਨ - ਪਿੰਡ ਤੁੜ ’ਚ ਪੁਤਲਾ ਫੂਕਦੇ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਤੇ ਹੋਰ। * ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਤੇ ਚੁੱਕੇ ਸਵਾਲ * ਕਤਲ ਮਾਮਲੇ ਦੇ ਸਾਰੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਪਿੰਡ ਤੁੜ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਡੀਜੀਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਆਗੂਆਂ ਨੇ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਨਸ਼ਾ ਤਸਕਰਾਂ ਖ਼ਿਲਾਫ਼ ਸਮਾਂ ਰਹਿੰਦਿਆਂ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਅਜਿਹੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਪ੍ਰਦਰਸ਼ਨ ਦੌਰਾਨ ਜ਼ਮਹੂਰੀ ਕਿਸਾਨ ਸਭਾ ਦੇ ਡਾ. ਅਮਰਜੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਨਛੱਤਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਖੁਸ਼ਦੀਪ ਸਿੰਘ ਅਤੇ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਪਰਵਿੰਦਰ ਝੋਟਾ ਲੰਮੇ ਸਮੇਂ ਤੋਂ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਸੀ। ਆਗੂਆਂ ਨੇ ਦੋਸ਼ ਲਗਾਇਆ ਕਿ ਉਸ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਅਤੇ ਸਰਕਾਰ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਾਪਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪਰਵਿੰਦਰ ਝੋਟੇ ਦੇ ਕਤਲ ਮਾਮਲੇ ਵਿਚ ਸ਼ਾਮਿਲ ਸਾਰੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਡੀਜੀਪੀ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ। ਇਸ ਮੌਕੇ ਨਰਿੰਦਰ ਸਿੰਘ, ਜੰਗ ਬਹਾਦਰ ਸਿੰਘ, ਸੁਖਵੰਤ ਸਿੰਘ, ਹਰ ਦਲੇਰ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ, ਸਰਵਣ ਸਿੰਘ, ਸਾਹਿਬ ਸਿੰਘ, ਡਾ. ਉਪਕਾਰ ਸਿੰਘ, ਲਾਡੀ, ਭਜਨ ਸਿੰਘ, ਸੁਖਦੇਵ ਸਿੰਘ, ਇੰਦਰ ਸਿੰਘ, ਕੁਲਦੀਪ ਸਿੰਘ, ਵਰਿਆਮ ਸਿੰਘ ਅਤੇ ਗੁਰਮੇਲ ਸਿੰਘ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।