ਬੰਦ ਦੌਰਾਨ ਲੋਕਾਂ ਨੇ ਦਿੱਤਾ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੁਨੇਹਾ : ਬਾਬਾ ਦਰਸ਼ਨ ਸਿੰਘ ਪਰਵਿੰਦਰ ਸਿੰਘ ਝੋਟਾ ਕਤਲਕਾਂਡ, ਲੋਕਾਂ ਦਿੱਤਾ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੁਨੇਹਾ - ਬਾਬਾ ਦਰਸ਼ਨ ਸਿੰਘ
Publish Date: Fri, 16 Oct 2026 04:39 PM (IST)
Updated Date: Sat, 17 Oct 2026 04:00 AM (IST)
ਕੈਪਸ਼ਨ : ਬਾਬਾ ਦਰਸ਼ਨ ਸਿੰਘ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਪੰਜਾਬ ਬੰਦ ਨੂੰ ਮਿਲੇ ਭਾਰੀ ਸਮਰਥਨ ਨੇ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਨਸ਼ਿਆਂ ਦੇ ਮੁਕੰਮਲ ਖਾਤਮਾ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਦਰਸ਼ਨ ਸਿੰਘ ਸਰਪ੍ਰਸਤ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਆਲ ਇੰਡੀਆ ਨੇ ਕਮੇਟੀ ਦੀ ਝੋਟਾ ਕਤਲ ਦੇ ਸਬੰਧ ਵਿਚ ਰੱਖੀ ਮੀਟਿੰਗ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ, ਕਿ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਆਪਾ ਵਾਰਨ ਵਾਲੇ ਪਰਵਿੰਦਰ ਸਿੰਘ ਝੋਟਾ ਤੋਂ ਆਉਣ ਵਾਲੀਆਂ ਪੀੜੀਆਂ ਸੇਧ ਲੈਣਗੀਆਂ। ਉਨ੍ਹਾਂ ਕਿਹਾ ਕਿ ਇਕੱਲੇ ਮੁਲਜ਼ਮ ਅਸ਼ਵਨੀ ਕੁਮਾਰ ਦੀ ਗ੍ਰਿਫਤਾਰੀ ਨਾਲ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਨਹੀਂ ਮਿਲਣਾ ਬਲਕਿ ਇਥੇ ਅਸ਼ਵਨੀ ਵਰਗੇ ਪਤਾ ਨਹੀਂ ਕਿਨ੍ਹੇਂ ਨਸ਼ਿਆਂ ਦੇ ਸੌਦਾਗਰ ਤੁਰੇ ਫਿਰਦੇ ਹਨ। ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਸਰਕਾਰਾਂ, ਮੰਤਰੀਆਂ ਤੇ ਪੁਲਿਸ ਦੀ ਕਥਿਤ ਸ਼ਹਿ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦਾ ਪੂਰਾ ਜ਼ੋਰ ਅਣਖੀਲੇ ਪੰਜਾਬ ਨੂੰ ਨਸ਼ਿਆਂ ਵਾਲਾ ਪੰਜਾਬ ਬਣਾਉਣ ’ਤੇ ਲੱਗਿਆ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਨਸ਼ਾ ਵੇਚਣ ਵਾਲੇ ਬੇਖੌਫ ਫਿਰਨ ਅਤੇ ਨਸ਼ਾ ਰੋਕਣ ਵਾਲਿਆਂ ਦੇ ਸ਼ਰੇਆਮ ਕਤਲ ਹੋਣ ਪੰਜਾਬ ਵਿਚ ਇਹ ਕਿਹੋ ਜਿਹਾ ਰਾਜ ਹੈ। ਉਨ੍ਹਾਂ ਕਿਹਾ ਕਿ ਨਸ਼ਾ ਰੋਕਣਾ ਹੈ ਤਾਂ ਸਪਲਾਈ ਦੀ ਜੜ ਵੱਢਣੀ ਪਵੇਗੀ।