ਈਟੀਟੀ ਅਧਿਆਪਕਾਂ ਦੀ ਮੀਟਿੰਗ ’ਚ 18 ਦੇ ਗੰਭੀਰਪੁਰ ਧਰਨੇ ਸਬੰਧੀ ਰਣਨੀਤੀ ਤਿਆਰ ਈਟੀਟੀ ਅਧਿਆਪਕਾਂ ਦੀ ਮੀਟਿੰਗ ’ਚ 18 ਦੇ ਗੰਭੀਰਪੁਰ ਧਰਨੇ ਸਬੰਧੀ ਰਣਨੀਤੀ ਤਿਆਰ
Publish Date: Fri, 16 Oct 2026 04:37 PM (IST)
Updated Date: Sat, 17 Oct 2026 04:00 AM (IST)
* ਮੀਟਿੰਗ ਦੌਰਾਨ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਕੈਪਸ਼ਨ : ਖਡੂਰ ਸਾਹਿਬ ਵਿਖੇ ਮੀਟਿੰਗ ਦੌਰਾਨ ਹਾਜ਼ਰ ਈਟੀਟੀ-2364 ਬੈਚ ਦੇ ਅਧਿਆਪਕ। ਕੁਲਦੀਪ ਸਿੰਘ ਮਾਨ, •ਪੰਜਾਬੀ ਜਾਗਰਣ ਖਡੂਰ ਸਾਹਿਬ : ਬਲਾਕ ਖਡੂਰ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਈਟੀਟੀ-2364 ਅਧਿਆਪਕਾਂ ਦੀ ਇਕ ਅਹਿਮ ਮੀਟਿੰਗ ਖਡੂਰ ਸਾਹਿਬ ਵਿਖੇ ਹੋਈ। ਮੀਟਿੰਗ ਦੌਰਾਨ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ 18 ਅਕਤੂਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਹੋਣ ਵਾਲੇ ਧਰਨੇ ਨੂੰ ਸਫ਼ਲ ਬਣਾਉਣ ਲਈ ਰਣਨੀਤੀ ਉਲੀਕੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕਾਂ ਨੇ ਕਿਹਾ ਕਿ ਈਟੀਟੀ-2364 ਬੈਚ ਦੇ ਕਈ ਅਧਿਆਪਕ ਆਪਣੇ ਘਰਾਂ ਤੋਂ 200 ਤੋਂ 300 ਕਿਲੋਮੀਟਰ ਦੂਰ ਸਕੂਲਾਂ ਵਿਚ ਡਿਊਟੀ ਨਿਭਾਅ ਰਹੇ ਹਨ। ਦੂਰ-ਦੁਰਾਡੇ ਤਾਇਨਾਤ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਪੁਰਜ਼ੋਰ ਮੰਗ ਕੀਤੀ ਕਿ ਅਜਿਹੇ ਅਧਿਆਪਕਾਂ ਨੂੰ ਬਦਲੀਆਂ ਵਿਚ ਵਿਸ਼ੇਸ਼ ਮੌਕਾ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਘਰਾਂ ਦੇ ਨੇੜੇ ਤਾਇਨਾਤ ਹੋ ਕੇ ਆਪਣੀਆਂ ਸੇਵਾਵਾਂ ਨਿਭਾਅ ਸਕਣ। ਅਧਿਆਪਕਾਂ ਨੇ ਕਿਹਾ ਕਿ ਘਰਾਂ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਨੂੰ ਪਰਿਵਾਰਕ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਰਕਾਰ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਬਦਲੀਆਂ ਸਬੰਧੀ ਢੁੱਕਵਾਂ ਫ਼ੈਸਲਾ ਲੈਣਾ ਚਾਹੀਦਾ ਹੈ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 18 ਅਕਤੂਬਰ ਨੂੰ ਅਧਿਆਪਕ ਯੂਨੀਅਨਾਂ ਵੱਲੋਂ ਸਾਂਝੇ ਤੌਰ ’ਤੇ ਗੰਭੀਰਪੁਰ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿਚ ਵੱਧ ਤੋਂ ਵੱਧ ਅਧਿਆਪਕ ਸ਼ਮੂਲੀਅਤ ਕਰਨਗੇ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਉਹ ਆਪਣੀ ਮੰਗ ਨੂੰ ਸਰਕਾਰ ਤਕ ਪਹੁੰਚਾਉਣ ਅਤੇ ਬਦਲੀਆਂ ਦਾ ਵਿਸ਼ੇਸ਼ ਮੌਕਾ ਹਾਸਿਲ ਕਰਨ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਗੇ। ਇਸ ਮੀਟਿੰਗ ਵਿਚ ਦਰਸ਼ਨ ਸਿੰਘ, ਰਮਨਦੀਪ ਸਿੰਘ, ਗੁਰਸੇਵਕ ਸਿੰਘ ਚਹਿਲ, ਰਣਬੀਰ ਸਿੰਘ, ਗੁਰਵਿੰਦਰ ਸਿੰਘ ਚਹਿਲ, ਰਣਜੀਤ ਸਿੰਘ, ਜਗਸੀਰ ਸਿੰਘ, ਮਨਜਿੰਦਰ ਕੌਰ, ਭੋਲਾ ਸਿੰਘ, ਸੰਦੀਪ ਕੌਰ, ਦਲਜੀਤ ਕੌਰ, ਰਾਮ ਸਿੰਘ, ਪ੍ਰਵੀਨ ਕੁਮਾਰ, ਬਲਵਿੰਦਰ ਸਿੰਘ, ਗੁਰਮੁਖ ਸਿੰਘ, ਗੌਤਮ ਬਾਂਸਲ, ਕੁਲਦੀਪ ਕੌਰ, ਗਗਨਦੀਪ ਕੌਰ, ਵਨੀਤਾ ਰਾਣੀ, ਵੀਰਪਾਲ ਕੌਰ, ਸੁਖਦੀਪ ਕੌਰ, ਦਲਜੀਤ ਕੌਰ, ਗੁਰਦੀਪ ਕੌਰ, ਸੁਦੇਸ਼ ਰਾਣੀ, ਜਸਵੀਰ ਕੌਰ, ਪਰਦੀਪ ਸਿੰਘ ਅਤੇ ਸਮੀਰ ਸਮੇਤ ਹੋਰ ਅਧਿਆਪਕ ਹਾਜ਼ਰ ਸਨ।