ਦੂਜੇ ਦਿਨ ਵੀ ਜਾਰੀ ਰਹੀ ਮੈਡੀਕਲ ਸਟੋਰਾਂ ਦੀ ਚੈਕਿੰਗ, ਡੀਆਈ ਨੇ ਸੱਤ ਦੁਕਾਨਾਂ ਦੀ ਕੀਤੀ ਜਾਂਚ ਦੂਜੇ ਦਿਨ ਵੀ ਜਾਰੀ ਰਹੀ ਮੈਡੀਕਲ ਸਟੋਰਾਂ ਦੀ ਚੈਕਿੰਗ, ਡੀਆਈ ਨੇ ਸੱਤ ਦੁਕਾਨਾਂ ਦੀ ਕੀਤੀ ਜਾਂਚ
Publish Date: Thu, 15 Oct 2026 07:04 PM (IST)
Updated Date: Thu, 15 Oct 2026 07:06 PM (IST)
- ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਰੋਕਣ ਲਈ ਸਿਹਤ ਵਿਭਾਗ ਦੀ ਕਾਰਵਾਈ ਤੇਜ਼ - ਡਰੱਗ ਇੰਸਪੈਕਟਰ ਨੇ ਦੁਕਾਨਦਾਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਸਟਾਫ ਰਿਪੋਰਟਰ : ਪੰਜਾਬੀ ਜਾਗਰਣ, ਤਰਨਤਾਰਨ : ਮਾਨਸਾ ’ਚ ਨਸ਼ਿਆਂ ਨਾਲ ਸਬੰਧਿਤ ਮਾਮਲੇ ਦੌਰਾਨ ਇਕ ਸਮਾਜ ਸੇਵੀ ਦੇ ਕਤਲ ਦੀ ਘਟਨਾ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮੈਡੀਕਲ ਸਟੋਰਾਂ ਦੀ ਜਾਂਚ ’ਚ ਤੇਜ਼ੀ ਲਿਆਂਦੀ ਗਈ ਹੈ। ਇਸੇ ਤਹਿਤ ਤਰਨਤਾਰਨ ਜ਼ਿਲ੍ਹੇ ’ਚ ਮੈਡੀਕਲ ਸਟੋਰਾਂ ਦੀ ਚੈਕਿੰਗ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ। ਵੀਰਵਾਰ ਨੂੰ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਜ਼ਿਲ੍ਹੇ ਦੇ ਸੱਤ ਮੈਡੀਕਲ ਸਟੋਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਕਿਸੇ ਵੀ ਦੁਕਾਨ ਤੋਂ ਪਾਬੰਦੀਸ਼ੁਦਾ ਦਵਾਈ ਬਰਾਮਦ ਨਹੀਂ ਹੋਈ। ਜਾਣਕਾਰੀ ਅਨੁਸਾਰ, ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਟੋਰਾਂ ’ਤੇ ਉਪਲਬਧ ਦਵਾਈਆਂ ਤੇ ਉਨ੍ਹਾਂ ਦੀ ਵਿਕਰੀ ਸਬੰਧੀ ਨਿਯਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮੈਡੀਕਲ ਸਟੋਰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਪਾਬੰਦੀਸ਼ੁਦਾ ਜਾਂ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਦੀ ਵਿਕਰੀ ਨਾ ਕਰੇ। ਚੈਕਿੰਗ ਦੌਰਾਨ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਦਵਾਈਆਂ ਦੀ ਖ਼ਰੀਦ ਤੇ ਵਿਕਰੀ ਸਮੇਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਕਿਸੇ ਵੀ ਪਾਬੰਦੀਸ਼ੁਦਾ ਦਵਾਈ ਦੀ ਗੈਰ-ਕਾਨੂੰਨੀ ਵਿਕਰੀ ਨਾ ਹੋਵੇ। ਦਵਾਈਆਂ ਦੀ ਵਿਕਰੀ ਵਿਚ ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਲਗੋਂ ਕੋਠੀ ਵਿਖੇ 6 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ ਹੈ ਤੇ ਭਿੱਖੀਵਿੰਡ ਜੋ ਕਿ ਸੂਚੀ ਅਨੁਸਾਰ ਇਕ ਹਾਟ-ਸਪਾਟ ਖੇਤਰ ਹੈ, ਵਿਖੇ ਥਾਣਾ ਮੁਖੀ ਨਾਲ ਮਿਲ ਕੇ ਚੈਕਿੰਗ ਕੀਤੀ ਗਈ। ਕਿਉਂਕਿ ਭਿੱਖੀਵਿੰਡ ਦੇ ਇਕ ਮੈਡੀਕਲ ਸਟੋਰ ਬਾਰੇ ਸ਼ਿਕਾਇਤ ਵਿਲੇਜ਼ ਡਿਫੈਂਸ ਕਮੇਟੀ ਦੀ ਐਪ ’ਤੇ ਪ੍ਰਾਪਤ ਹੋਈ ਸੀ। ਹਾਲਾਂਕਿ ਇਸ ਦੌਰਾਨ ਕੋਈ ਵੀ ਨਸ਼ੀਲਾ ਪਦਾਰਥ ਜਾਂ ਪਾਬੰਦੀਸ਼ੁਦਾ ਦਵਾਈ ਬਰਾਮਦ ਨਹੀਂ ਹੋਈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਵੀ ਜ਼ਿਲ੍ਹੇ ’ਚ ਅੱਠ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਸੀ। ਇਸ ਦੌਰਾਨ ਇਕ ਸਰਹੱਦੀ ਪਿੰਡ ’ਚ ਸਥਿਤ ਸਾਰੇ ਮੈਡੀਕਲ ਸਟੋਰ ਬੰਦ ਮਿਲੇ ਸਨ। ਇਸ ਤੋਂ ਬਾਅਦ ਵੀਰਵਾਰ ਨੂੰ ਮੁੜ ਜਾਂਚ ਮੁਹਿੰਮ ਜਾਰੀ ਰੱਖਦਿਆਂ ਸੱਤ ਹੋਰ ਦੁਕਾਨਾਂ ਦੀ ਜਾਂਚ ਕੀਤੀ ਗਈ। ਮਾਨਸਾ ’ਚ ਨਸ਼ਿਆਂ ਨਾਲ ਜੁੜੇ ਮਾਮਲੇ ’ਚ ਸਮਾਜ ਸੇਵੀ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਨਸ਼ਿਆਂ ਦੀ ਰੋਕਥਾਮ ਤੇ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਲੈ ਕੇ ਲੋਕਾਂ ’ਚ ਚਿੰਤਾ ਵਧੀ ਹੈ। ਇਸ ਕਰਕੇ ਮੈਡੀਕਲ ਸਟੋਰਾਂ ਦੀ ਇਸ ਜਾਂਚ ਨੂੰ ਅਹਿਮ ਮੰਨਿਆ ਜਾ ਰਿਹਾ ਹੈ।