ਪੰਜਾਬ ਬੰਦ ਦੇ ਸੱਦੇ ਨੂੰ ਹਰੀਕੇ ਤੇ ਆਸ ਪਾਸ ਦੇ ਇਲਾਕਿਆਂ ’ਚ ਮਿਲਿਆ ਭਰਵਾਂ ਹੁੰਗਾਰਾ ਪੰਜਾਬ ਬੰਦ ਦੇ ਸੱਦੇ ਨੂੰ ਹਰੀਕੇ ਤੇ ਆਸ ਪਾਸ ਦੇ ਇਲਾਕਿਆਂ ’ਚ ਮਿਲਿਆ ਭਰਵਾਂ ਹੁੰਗਾਰਾ
Publish Date: Thu, 15 Oct 2026 05:48 PM (IST)
Updated Date: Thu, 15 Oct 2026 05:51 PM (IST)
ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਕਰਕੇ ਫੂਕੇ ਪੁਤਲੇ, ਬੰਦ ਦੀ ਸਫਲਤਾ ਲਈ ਲੋਕਾਂ ਦਿੱਤਾ ਸਹਿਯੋਗ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਹਰੀਕੇ ਪੱਤਣ ਅਤੇ ਆਸਪਾਸ ਦੇ ਇਲਾਕੇ ’ਚ ਭਰਵਾਂ ਹੁੰਗਾਰਾ ਮਿਲਿਆ। ਬੰਦ ਦੌਰਾਨ ਕਈ ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਰੋਸ ਪ੍ਰਗਟਾਇਆ ਗਿਆ। ਲੋਕਾਂ ਵੱਲੋਂ ਇਸ ਨੂੰ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਘਟਨਾ ਪ੍ਰਤੀ ਰੋਸ ਵਜੋਂ ਵੀ ਵੇਖਿਆ ਗਿਆ। ਇਸ ਸੱਦੇ ਦੌਰਾਨ ਨੇੜਲੇ ਪਿੰਡਾਂ ਨੱਥੂਪੁਰ, ਪ੍ਰਿੰਗੜੀ ਤੇ ਕਿਰਤੋਵਾਲ ਦੇ ਅੱਡਿਆਂ ’ਤੇ ਵੀ ਝੋਟੇ ਦੀ ਮੌਤ ਕਾਰਨ ਸੁੰਨ ਪਸਰੀ ਦਿਖਾਈ ਦਿੱਤੀ। ਇਸ ਤੋ ਇਲਾਵਾ ਕੌਮੀ ਸ਼ਾਹ ਰਾਹ-54 ’ਤੇ ਵੀ ਆਵਾਜਾਈ ਮੁਕੰਮਲ ਠੱਪ ਰਹੀ। ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਇਲਾਕੇ ਵਿਚ ਸਰਗਰਮੀ ਦਿਖਾਈ ਗਈ। ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੁਤਲੇ ਵੀ ਫੂਕੇ ਗਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਨਸ਼ਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਮੰਗ ਕੀਤੀ। ਕਿਸਾਨ ਆਗੂ ਸਵਰਨ ਸਿੰਘ ਖਹਿਰਾ, ਨਿਰਪਾਲ ਸਿੰਘ ਜੌਣੇਕੇ, ਜਗਜੀਤ ਸਿੰਘ ਜੋਨੀ ਹਰੀਕੇ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਆਵਾਜ਼ ਬੁਲੰਦ ਕਰਦਾ ਰਿਹਾ, ਪਰ ਅੱਜ ਉਸ ਦੇ ਆਪਣੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਨੂੰ ਮਿਲ ਰਿਹਾ ਲੋਕਾਂ ਦਾ ਸਮਰਥਨ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲੋਕਾਂ ਦੇ ਰੋਸ ਦਾ ਪ੍ਰਗਟਾਵਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੰਦ ਦੀ ਸਫਲਤਾ ਸਰਕਾਰ ਦੇ ਕਫ਼ਨ ਵਿਚ ਕਿੱਲ ਸਾਬਿਤ ਹੋਵੇਗੀ। ਉਧਰ, ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਹਰੀਕੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਵੱਖ-ਵੱਖ ਥਾਵਾਂ ’ਤੇ ਪੁਲਿਸ ਦੀ ਤਾਇਨਾਤੀ ਤੋਂ ਇਲਾਵਾ ਗਸ਼ਤ ਟੀਮਾਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਬੰਦ ਦੌਰਾਨ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਕਾਬੂ ਹੇਠ ਰਹੀ। ਇਸ ਮੌਕੇ ਸਤਨਾਮ ਸਿੰਘ ਗਿੱਲ, ਬਾਬਾ ਬਲਵਿੰਦਰ ਸਿੰਘ, ਕਾਂਗਰਸੀ ਆਗੂ ਜੁਗਿੰਦਰਪਾਲ ਵੇਦੀ, ਰਾਜ ਕੁਮਾਰ ਮੱਕੜ, ਸੁਨੀਲ ਦੱਤ ਸ਼ਰਮਾ, ਸੰਦੀਪ ਚੌਧਰੀ, ਜਗਜੀਤ ਸਿੰਘ ਜੀਤ, ਬਲਕਾਰ ਸਿੰਘ, ਜਰਨੈਲ ਸਿੰਘ ਕਿੜੀਆਂ, ਰਸ਼ਪਾਲ ਸਿੰਘ ਕਿੜੀਆ, ਕਵਲਜੀਤ ਸਿੰਘ, ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ।