ਬੰਦ ਕਾਰਨ ਸ੍ਰੀ ਗੋਇੰਦਵਾਲ ਸਾਹਿਬ ਤੇ ਆਸ-ਪਾਸ ਦੇ ਕਸਬਿਆਂ ’ਚ ਪਸਰੀ ਸੁੰਨ ਪੰਜਾਬ ਬੰਦ ਦਾ ਸ੍ਰੀ ਗੋਇੰਦਵਾਲ ਸਾਹਿਬ ਤੇ ਆਸ-ਪਾਸ ਦੇ ਕਸਬਿਆਂ ’ਚ ਮੁਕੰਮਲ ਅਸਰ, ਬਾਜ਼ਾਰਾਂ ’ਚ ਪਸਰਿਆ ਸੰਨਾਟਾ
Publish Date: Thu, 15 Oct 2026 05:19 PM (IST)
Updated Date: Thu, 15 Oct 2026 05:21 PM (IST)
ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਦਿੱਤੀ ਬੰਦ ਦੀ ਕਾਲ ਨੂੰ ਮਿਲਿਆ ਹੁੰਗਾਰਾ, ਕਾਰੋਬਾਰ ਠੱਪ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਵੀਰਵਾਰ ਸ੍ਰੀ ਗੋਇੰਦਵਾਲ ਸਾਹਿਬ ਸਮੇਤ ਆਸ-ਪਾਸ ਦੇ ਕਸਬਿਆਂ ਵਿਚ ਭਰਪੂਰ ਸਮਰਥਨ ਮਿਲਿਆ। ਬੰਦ ਦੇ ਸੱਦੇ ਕਾਰਨ ਸ੍ਰੀ ਗੋਇੰਦਵਾਲ ਸਾਹਿਬ, ਫਤਿਆਬਾਦ, ਡੇਹਰਾ ਸਾਹਿਬ ਅਤੇ ਸ਼ੇਖਚੱਕ ਆਦਿ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ। ਆਮ ਦਿਨਾਂ ਦੌਰਾਨ ਗਾਹਕਾਂ ਦੀ ਭੀੜ ਨਾਲ ਰੁਝੇ ਰਹਿਣ ਵਾਲੇ ਬਾਜ਼ਾਰਾਂ ਵਿਚ ਸੁੰਨ ਪਸਰੀ ਰਹੀ। ਬੰਦ ਕਾਰਨ ਇਲਾਕੇ ਦੀਆਂ ਵਪਾਰਕ ਸਰਗਰਮੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਪੰਜਾਬ ਬੰਦ ਦਾ ਅਸਰ ਸਿਰਫ਼ ਮੁੱਖ ਬਾਜ਼ਾਰਾਂ ਤਕ ਹੀ ਸੀਮਤ ਨਹੀਂ ਰਿਹਾ, ਸਗੋਂ ਮੁੱਖ ਮਾਰਗਾਂ ’ਤੇ ਸਥਿਤ ਦੁਕਾਨਾਂ ਅਤੇ ਕਸਬਿਆਂ ਦੇ ਅੰਦਰਲੇ ਬਾਜ਼ਾਰ ਵੀ ਪੂਰੀ ਤਰ੍ਹਾਂ ਬੰਦ ਰਹੇ। ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਬੰਦ ਰਹਿਣ ਕਾਰਨ ਦਿਨ ਭਰ ਕਾਰੋਬਾਰੀ ਸਰਗਰਮੀਆਂ ਠੱਪ ਰਹੀਆਂ। ਬੰਦ ਦੇ ਇਸ ਮਾਹੌਲ ਨੇ ਆਮ ਜਨ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ। ਬੰਦ ਦੇ ਸੱਦੇ ਦੇ ਮੱਦੇ ਨਜ਼ਰ ਇਲਾਕੇ ਦੇ ਪ੍ਰਾਈਵੇਟ ਸਕੂਲ ਬੰਦ ਰਹੇ। ਭਾਵੇਂ ਸਰਕਾਰੀ ਸਕੂਲ ਖੁੱਲ੍ਹੇ ਰਹੇ, ਪਰ ਵਿਦਿਆਰਥੀਆਂ ਦੀ ਹਾਜ਼ਰੀ ਨਹੀਂ ਦੇਖਣ ਨੂੰ ਮਿਲੀ। ਇਸੇ ਤਰ੍ਹਾਂ ਇਲਾਕੇ ਦੇ ਬੈਂਕਾਂ ਦਾ ਕਾਰੋਬਾਰ ਵੀ ਤਕਰੀਬਨ ਠੱਪ ਰਿਹਾ, ਜਿਸ ਕਾਰਨ ਆਮ ਦਿਨਾਂ ਵਾਂਗ ਲੈਣ-ਦੇਣ ਦੀਆਂ ਸਰਗਰਮੀਆਂ ਨਹੀਂ ਹੋ ਸਕੀਆਂ। ਪੰਜਾਬ ਬੰਦ ਦਾ ਅਸਰ ਆਵਾਜਾਈ ’ਤੇ ਵੀ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਗੋਇੰਦਵਾਲ ਸਾਹਿਬ-ਤਰਨਤਾਰਨ ਮਾਰਗ ’ਤੇ ਸਵਾਰੀਆਂ ਤੋਂ ਸੱਖਣੀਆਂ ਵਿਰਲੀਆਂ ਸਰਕਾਰੀ ਬੱਸਾਂ ਹੀ ਦਿਖਾਈ ਦਿੱਤੀਆਂ, ਜਦਕਿ ਪ੍ਰਾਈਵੇਟ ਬੱਸਾਂ ਸੜਕਾਂ ਤੋਂ ਗਾਇਬ ਰਹੀਆਂ। ਬੱਸ ਸੇਵਾ ਪ੍ਰਭਾਵਿਤ ਹੋਣ ਕਾਰਨ ਸੜਕੀ ਆਵਾਜਾਈ ਦੀ ਆਮ ਰੌਣਕ ਵੀ ਘੱਟ ਰਹੀ। ਕੁੱਲ ਮਿਲਾ ਕੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਸ੍ਰੀ ਗੋਇੰਦਵਾਲ ਸਾਹਿਬ ਅਤੇ ਨੇੜਲੇ ਕਸਬਿਆਂ ਵਿਚ ਵੱਡਾ ਅਸਰ ਦੇਖਣ ਨੂੰ ਮਿਲਿਆ ਅਤੇ ਆਮ ਜਨਜੀਵਨ ਕਾਫ਼ੀ ਹੱਦ ਤਕ ਪ੍ਰਭਾਵਿਤ ਰਿਹਾ। ----------- ਬਾਕਸ- ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ’ਚ ਘਟੀ ਸੰਗਤ ਦੀ ਆਮਦ ਪੰਜਾਬ ਬੰਦ ਦੇ ਸੱਦੇ ਦੌਰਾਨ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਆਮਦ ਸੀਮਿਤ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਨੇ ਦੱਸਿਆ ਕਿ ਬੰਦ ਦੇ ਪ੍ਰਭਾਵ ਕਾਰਨ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਘੱਟ ਰਹੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪੁੱਜਣ ਵਾਲੇ ਜ਼ਿਆਦਾਤਰ ਸ਼ਰਧਾਲੂ ਉਹ ਸਨ, ਜੋ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਬਿਆਸ ਦਰਿਆ ਵਿਚ ਜਲ ਪ੍ਰਵਾਹ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਦੇ ਬਾਵਜੂਦ ਸ਼ਰਧਾਲੂਆਂ ਨੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ