ਲੀਡ : ਤਰਨਤਾਰਨ ’ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਵੱਡੀ ਗਿਣਤੀ ਵਪਾਰਕ ਅਦਾਰੇ ਰਹੇ ਬੰਦ ਤਰਨਤਾਰਨ ’ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਵੱਡੀ ਗਿਣਤੀ ਵਪਾਰਕ ਅਦਾਰੇ ਰਹੇ ਬੰਦ
Publish Date: Thu, 15 Oct 2026 05:13 PM (IST)
Updated Date: Thu, 15 Oct 2026 05:15 PM (IST)
ਬਾਜ਼ਾਰਾਂ ’ਚੋਂ ਗਾਇਬ ਰਹੇ ਲੋਕ, ਇੱਕਾ, ਦੁੱਕਾ ਜਗ੍ਹਾ ’ਤੇ ਪ੍ਰਦਰਸ਼ਨ, ਕੁਝ ਨੂੰ ਕੀਤੀ ਡਿਟੇਨ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਮਾਨਸਾ ’ਚ ਨਸ਼ਾ ਵਿਰੋਧੀ ਗਤੀਵਿਧੀਆਂ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਕਤਲ ਕਰਨ ਦੀ ਘਟਨਾ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਤਰਨਤਾਰਨ ’ਚ ਭਰਵਾਂ ਹੁੰਗਾਰਾ ਮਿਲਿਆ। ਇੱਕਾ-ਦੁੱਕਾ ਦੁਕਾਨਾਂ ਤੇ ਕੁਝ ਰੇਹੜੀਆਂ ਆਦਿ ਨੂੰ ਛੱਡ ਕੇ ਲਗਭਗ ਸਾਰੇ ਵੱਡੇ ਵਪਾਰਕ ਅਦਾਰੇ ਬੰਦ ਰਹੇ। ਹਾਲਾਂਕਿ ਬੰਦ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨਾ ਵਿਗੜੇ, ਇਸ ਲਈ ਪੁਲਿਸ ਪ੍ਰਸ਼ਾਸਨ ਵੀ ਚੌਂਕ ਚੁਰਾਹਿਆਂ ’ਚ ਮੁਸਤੈਦ ਰਿਹਾ। ਦੁਕਾਨਾਂ ਦੇ ਸ਼ਟਰ ਬੰਦ ਹੋਣ ਕਾਰਨ ਬਾਜ਼ਾਰਾਂ ’ਚ ਆਮ ਦਿਨਾਂ ਦੇ ਮੁਕਾਬਲੇ ਨਾ ਮਾਤਰ ਆਵਾਜਾਈ ਦਿਖਾਈ ਦਿੱਤੀ। ਦੱਸਣਾ ਬਣਦਾ ਹੈ ਕਿ ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਉਥੇ ਚੱਲ ਰਹੇ ਪ੍ਰਦਰਸ਼ਨ ਦੌਰਾਨ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਅੱਜ ਨੂੰ ਤਰਨਤਾਰਨ ’ਚ ਬੰਦ ਦਾ ਵਿਆਪਕ ਅਸਰ ਦਿਖਾਈ ਦਿੱਤਾ। ਸ਼ਹਿਰ ਦੇ ਵੱਡੇ ਬਾਜ਼ਾਰਾਂ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਜੰਡਿਆਲਾ ਰੋਡ, ਸਰਹਾਲੀ ਰੋਡ, ਅੰਮ੍ਰਿਤਸਰ ਰੋਡ, ਗੁਰੂ ਬਾਜ਼ਾਰ, ਗਾਰਦ ਬਾਜ਼ਾਰ, ਨੂਰਦੀ ਬਾਜ਼ਾਰ, ਨਵਾਂ ਬਾਜ਼ਾਰ, ਝਬਾਲ ਰੋਡ ਆਦਿ ਤੋਂ ਇਲਾਵਾ ਆਸਪਾਸ ਦੇ ਛੋਟੇ ਕਸਬਿਆਂ ’ਚ ਵੀ ਦੁਕਾਨਾਂ ’ਤੇ ਵਪਾਰਕ ਅਦਾਰੇ ਬੰਦ ਰਹੇ। ਬੰਦ ਕਾਰਨ ਸ਼ਹਿਰ ਦੇ ਇਨ੍ਹਾਂ ਪ੍ਰਮੁੱਖ ਬਾਜ਼ਾਰਾਂ ’ਚ ਕਾਰੋਬਾਰੀ ਸਰਗਰਮੀਆਂ ਠੱਪ ਰਹੀਆਂ। ਦੁਕਾਨਾਂ ਬੰਦ ਹੋਣ ਕਾਰਨ ਖ਼ਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪੂਰੀ ਤਰ੍ਹਾਂ ਦਿਹਾਤੀ ਖੇਤਰ ਦੇ ਗ੍ਰਾਹਕਾਂ ’ਤੇ ਮੁਤੱਸਰ ਤਰਨਤਾਰਨ ਸ਼ਹਿਰ ’ਚ ਬੰਦ ਦੇ ਚੱਲਦਿਆਂ ਬਾਹਰੀ ਗ੍ਰਾਹਕਾਂ ਦੀ ਆਮਦ ਨਾ ਮਾਤਰ ਹੀ ਰਹੀ, ਜਿਸਦੇ ਚੱਲਦਿਆਂ ਜੋ ਇੱਕਾ ਦੁੱਕਾ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ’ਤੇ ਵੀ ਗ੍ਰਾਹਕੀ ਨਜ਼ਰ ਨਹੀਂ ਆਈ। ਸਵੇਰ ਸਮੇਂ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੱਗੇ ਜ਼ਰੂਰ ਪੁੱਜੇ ਪਰ ਜਿਵੇਂ-ਜਿਵੇਂ ਲੰਘਦੇ ਸਮੇਂ ਦੇ ਨਾਲ ਬਾਜ਼ਾਰ ਖੁੱਲ੍ਹਣ ਦੇ ਅਸਰ ਘੱਟਦੇ ਗਏ ਤਾਂ ਦੁਕਾਨਦਾਰ ਵੀ ਘਰਾਂ ਨੂੰ ਪਰਤ ਗਏ। ------------ ਬਾਕਸ- ਦੁਕਾਨਾਂ ਬੰਦ ਕਰਵਾਉਣ ਦੇ ਦੋਸ਼ ’ਚ ਸਰਬਜੀਤ ਸਿੰਘ ਬੈਂਕਾ ਡਿਟੇਨ ਤਰਨਤਾਰਨ ਦੀ ਮੁੱਖ ਸੜਕ ’ਤੇ ਪੁਲਿਸ ਨੇ ਸਰਬਜੀਤ ਸਿੰਘ ਬੈਂਕਾ ਨਾਮਕ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ। ਡੀਐੱਸਪੀ ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਬਾਜ਼ਾਰ ’ਚ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਨੂੰ ਹੱਥ ’ਚ ਲੈਣ ਦੀ ਕੋਸ਼ਿਸ਼ ਕਰਨ ਦੇ ਚੱਲਦਿਆਂ ਇਕ ਜਣੇ ਨੂੰ ਹਿਰਾਸਤ ’ਚ ਲਿਆ ਗਿਆ ਹੈ। ਹਾਲਾਂਕਿ ਸਰਬਜੀਤ ਸਿੰਘ ਬੈਂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਬੰਦ ਦੇ ਸੱਦੇ ਨੂੰ ਸਾਰੇ ਦੁਕਾਨਦਾਰਾਂ ਵਲੋਂ ਸਮਰਥਨ ਦਿੱਤਾ ਗਿਆ ਹੈ ਪਰ ਪੁਲਿਸ ਨੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਹਿਰਾਸਤ ’ਚ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਦੁਕਾਨ ਜ਼ਬਰੀ ਬੰਦ ਨਹੀਂ ਕਰਵਾਈ ਗਈ, ਬਲਕਿ ਉਹ ਦਾ ਸ਼ਾਂਤਮਈ ਬਾਜ਼ਾਰਾਂ ’ਚ ਮਾਰਚ ਕਰਕੇ ਗੁਰੂ ਘਰ ਨਤਮਸਤਕ ਹੋਣ ਜਾ ਰਹੇ ਸੀ। ---------- ਬਾਕਸ- ਰੋਸ ਮਾਰਚ ਲਈ ਨਿਕਲੇ ਗੁਰਦੇਵ ਸਿੰਘ ਸੰਧੂ ਦੇ ਕਾਫ਼ਲੇ ਨੂੰ ਰੋਕਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹਲਕਾ ਤਰਨਤਾਰਨ ਤੋਂ ਸੀਨੀਅਰ ਆਗੂ ਗੁਰਦੇਵ ਸਿੰਘ ਸੰਧੂ ਜਿਵੇਂ ਹੀ ਆਪਣੇ ਦਫ਼ਤਰ ਤੋਂ ਰੋਸ ਮਾਰਚ ਕਰਨ ਲਈ ਨਿਕਲੇ, ਡੀਐੱਸਪੀ ਜਸਪਾਲ ਸਿੰਘ ਦੀ ਅਗਵਾਈ ਹੇਠ ਤਾਇਨਾਤ ਪੁਲਿਸ ਟੀਮ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਲਿਆ, ਜਿਸਦੇ ਚੱਲਦਿਆਂ ਉਨ੍ਹਾਂ ਨੇ ਸੜਕ ’ਤੇ ਹੀ ਧਰਨਾ ਲਗਾ ਕੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਸ਼ੁਰੂ ਕਰ ਦਿੱਤਾ। ਜਦੋਂਕਿ ਕੁਝ ਦੇਰ ਬਾਅਦ ਉਨ੍ਹਾਂ ਨੂੰ ਮੁੜ ਦਫ਼ਤਰ ’ਚ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਉਨ੍ਹਾਂ ਦੀ ਪਾਰਟੀ ਵਾਰਿਸ ਪੰਜਾਬ ਦੇ ਵੱਲੋਂ ਪੂਰਨ ਸਮਰਥਨ ਹੈ। ਸ਼ਹਿਰ ਵਾਸੀਆਂ ਨੇ ਵੀ ਵੱਡੀ ਮਾਤਰਾ ’ਚ ਵਪਾਰਕ ਅਦਾਰੇ ਬੰਦ ਰੱਖ ਕੇ ਸਾਥ ਦਿੱਤਾ ਹੈ। ਉਹ ਤਾਂ ਆਪਣੇ ਸਾਥੀਆਂ ਸਮੇਤ ਰੋਸ ਮਾਰਚ ਕਰਨ ਲਈ ਨਿਕਲੇ ਸਨ, ਤਾਂ ਕਿ ਜੋ ਦੁਕਾਨਾਂ ਖੁੱਲ੍ਹੀਆਂ ਹਨ, ਉਨ੍ਹਾਂ ਤਕ ਵੀ ਬੰਦ ਦਾ ਅਸਲ ਮੰਤਵ ਪਹੁੰਚਾਇਆ ਜਾ ਸਕੇ। ਪਰ ਪੁਲਿਸ ਨੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਦਫਤਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਹੈ। ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਨੂੰ ਜ਼ਬਰੀ ਬੰਦ ਕਰਨ ਲਈ ਮਜ਼ਬੂਰ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੇ ਚੌਂਕ ਚੁਰਾਹਿਆਂ ’ਚ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ------------- ਬਾਕਸ- ਸਰਹਾਲੀ ਰੋਡ ਟੀ-ਪਵਾਇੰਟ ’ਤੇ ਕੀਤਾ ਇਕਬਾਲ ਸੰਧੂ ਨੇ ਪ੍ਰਦਰਸ਼ਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਸਬੰਧਿਤ ਤਰਨਤਾਰਨ ਹਲਕੇ ਦੇ ਆਗੂ ਇਕਬਾਲ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਣੇ ਸਰਹਾਲੀ ਰੋਡ ਟੀ-ਪਵਾਇੰਟ ’ਤੇ ਧਰਨਾ ਲਗਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ ਤੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਵਿਗੜੇ ਹਲਾਤਾਂ ’ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬੰਦ ਦੇ ਸੱਦੇ ਨੂੰ ਜਿਸ ਤਰ੍ਹਾਂ ਪੰਜਾਬ ਵਾਸੀਆਂ ਨੇ ਹੁੰਗਾਰਾ ਦਿੱਤਾ ਹੈ, ਉਸ ਤੋਂ ਸਾਫ਼ ਹੈ ਕਿ ਅਨਿਆਂ ਖਿਲਾਫ ਪੰਜਾਬ ਵਾਸੀ ਇਕਜੁੱਟ ਹਨ।