ਜੇਲ੍ਹ ’ਚੋਂ ਮੋਬਾਈਲ ਤੇ ਤੰਬਾਕੂ ਪਦਾਰਥ ਬਰਾਮਦ
ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਮੋਬਾਈਲ ਤੇ ਤੰਬਾਕੂ ਪਦਾਰਥ ਬਰਾਮਦ
Publish Date: Wed, 14 Oct 2026 08:04 PM (IST)
Updated Date: Wed, 14 Oct 2026 08:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਟੀਮਾਂ ਨੇ ਵੱਡੀ ਮਾਤਰਾ ਵਿਚ ਤੰਬਾਕੂ ਪਦਾਰਥਾਂ ਤੋਂ ਇਲਾਵਾ ਮੋਬਾਈਲ ਫੋਨ ਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਹੈ। ਜਿਸ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਵਲੋਂ ਜਾਰੀ ਸ਼ਿਕਾਇਤ ਮੁਤਾਬਿਕ ਵੱਖ-ਵੱਖ ਟੀਮਾਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਜੇਲ੍ਹ ਅੰਦਰੋਂ 134 ਤੰਬਾਕੂ ਦੇ ਬੰਡਲ, 305 ਬੀੜੀਆਂ ਦੇ ਬੰਡਲ, 17 ਲਾਈਟਰ, 24 ਸਿਗਰਟਾਂ ਦੇ ਪੈਕੇਟ, 26 ਕੂਲਲਿਪ ਪੈਕੇਟ, 8 ਬਲੇਡ, ਤਿੰਨ ਸਮਾਰਟ ਫੋਨ ਸਣੇ ਸਿਮ ਕਾਰਡ, ਇਕ ਮੋਬਾਈਲ ਫੋਨ ਕੀਪੈਡ ਵਾਲਾ ਸਣੇ ਸਿਮ ਅਤੇ ਤਿੰਨ ਸਿੰਮਾ ਤੋਂ ਇਲਾਵਾ ਤਿੰਨ ਚਾਰਜਰ ਤੇ ਇਕ ਡਾਟਾ ਕੇਬਲ ਬਰਾਮਦ ਹੋਈ। ਉਧਰ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਜੇਲ੍ਹ ਨਿਯਮਾਂ ਦੀ ਉਲੰਘਣਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਿਸਦੀ ਅਗਲੀ ਜਾਂਚ ਲਈ ਸਬ ਇੰਸਪੈਕਟਰ ਰਾਜੀਵ ਕੁਮਾਰ ਦੀ ਡਿਊਟੀ ਲਗਾਈ ਗਈ ਹੈ। ਕੈਪਸ਼ਨ- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ।