ਮੋਟਰਸਾਈਕਲ ਸਵਾਰ ਜੋੜੇ ਨੂੰ ਟਰੱਕ ਨੇ ਦਰੜਿਆ, ਪਤਨੀ ਦੀ ਮੌਤ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਟਰੱਕ ਨੇ ਦਰੜਿਆ, ਪਤਨੀ ਦੀ ਮੌਤ, ਪਤੀ ਜ਼ਖ਼ਮੀ
Publish Date: Wed, 14 Oct 2026 07:51 PM (IST)
Updated Date: Wed, 14 Oct 2026 07:54 PM (IST)
ਨਰਿੰਦਰ ਸਿੰਘ ਦੋਦੇ, •ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਝਬਾਲ-ਬੀੜ ਬਾਬਾ ਬੁੱਢਾ ਸਾਹਿਬ ਮੋੜ ’ਤੇ ਪਿੰਡ ਠੱਠਾ ਦੇ ਵਸਨੀਕ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜ ਦਿੱਤਾ। ਜਿਸ ਦੌਰਾਨ ਪਤਨੀ ਦੀ ਮੌਕੇ ’ਤੇ ਮੌਤ ਹੋ ਗਈ। ਜਦੋਂਕਿ ਪਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਦੇ ਹਾਦਸਾ ਸਥਾਨ ’ਤੇ ਦੇਰੀ ਨਾਲ ਪੁੱਜਣ ਤੋਂ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਧਰਨਾ ਲਗਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿਲਬਾਗ ਸਿੰਘ ਆਪਣੀ ਪਤਨੀ ਰਾਜਵੰਤ ਕੌਰ ਜੋ ਕਿ ਕੋਟ ਧਰਮ ਚੰਦ ਵਿਖੇ ਆਂਗਣਵਾੜੀ ਵਰਕਰ ਸੀ ਨੂੰ ਡਿਊਟੀ ’ਤੇ ਛੱਡਣ ਜਾ ਰਿਹਾ ਸੀ। ਉਹ ਜਿਵੇਂ ਹੀ ਬੀੜ ਬਾਬਾ ਬੁੱਢਾ ਸਾਹਿਬ ਮੋੜ ਤੋਂ ਝਬਾਲ ਨੂੰ ਮੁੜਨ ਲੱਗੇ ਤਾਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਰਾਜਵੰਤ ਕੌਰ ਹੇਠਾਂ ਡਿੱਗ ਪਈ ਤੇ ਟਰੱਕ ਦੇ ਟਾਇਰ ਥੱਲੇ ਆਉਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦਿਲਬਾਗ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਤਕਰੀਬਨ ਡੇਢ ਘੰਟਾ ਥਾਣਾ ਝਬਾਲ ਦੀ ਪੁਲਿਸ ਘਟਨਾ ਸਥਾਨ ’ਤੇ ਨਹੀਂ ਪਹੁੰਚੀ, ਜਿਸ ਕਾਰਨ ਪਿੰਡ ਵਾਸੀਆਂ ਨੇ ਸੜਕ ’ਤੇ ਧਰਨਾ ਲਗਾ ਦਿੱਤਾ। ਜਦੋਂਕਿ ਥਾਣਾ ਘਟਨਾ ਸਥਾਨ ਤੋਂ ਕੇਵਲ ਦਸ ਮਿੰਟ ਦੀ ਦੂਰੀ ’ਤੇ ਸਥਿਤ ਹੈ। ਇਕੱਠੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਥਾਣਾ ਝਬਾਲ ਦੀ ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਆਂਗਣਵਾੜੀ ਵਰਕਰ ਰਾਜਵੰਤ ਕੌਰ ਦੀ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।