ਦੁਸਹਿਰਾ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀਆਂ ਵਿਚਾਰਾਂ ਦੁਸਹਿਰਾ ਮੇਲੇ ’ਚ ਜਸਕੰਵਰ ਸਿੰਘ ਜੱਸਾ ਪੱਟੀ ਹੋਣਗੇ ਮੁੱਖ ਮਹਿਮਾਨ
Publish Date: Wed, 14 Oct 2026 07:43 PM (IST)
Updated Date: Wed, 14 Oct 2026 07:45 PM (IST)
ਦੀਪਕ ਕੁਮਾਰ•, ਪੰਜਾਬੀ ਜਾਗਰਣ ਪੱਟੀ ਮੋੜ : ਪੱਟੀ ਵਿਖੇ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ, ਕਾਲਜ ਰੋਡ ਵਿਖੇ ਮਨਾਏ ਜਾ ਰਹੇ ਦੁਸਹਿਰਾ ਮੇਲਾ-2026 ਦੀਆਂ ਤਿਆਰੀਆਂ ਨੂੰ ਲੈ ਕੇ ਦੁਸਹਿਰਾ ਕਮੇਟੀ ਪੱਟੀ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਕਮੇਟੀ ਦੀ ਮੀਟਿੰਗ ਚੇਅਰਮੈਨ ਸੁਰੇਸ਼ ਪਾਠਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੇਲੇ ਦੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਦੁਸਹਿਰਾ ਕਮੇਟੀ ਪੱਟੀ ਦੇ ਪ੍ਰਧਾਨ ਬੱਲੂ ਮਹਿਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰਾ ਮੇਲਾ ਇਲਾਕਾ ਨਿਵਾਸੀਆਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਆਮ ਆਦਮੀ ਪਾਰਟੀ ਦੇ ਪੱਟੀ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੀਪੀਸੀਸੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਸਮਾਗਮ ਦੀ ਪ੍ਰਧਾਨਗੀ ਕਰਨਗੇ।ਬੱਲੂ ਮਹਿਤਾ ਨੇ ਦੱਸਿਆ ਕਿ ਦੁਸਹਿਰਾ ਕਮੇਟੀ ਵੱਲੋਂ ਦੋਵਾਂ ਆਗੂਆਂ ਨੂੰ ਸੱਦਾ ਪੱਤਰ ਸੌਂਪ ਕੇ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਸਹਿਰਾ ਸਿਰਫ਼ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਵੀ ਹੈ। ਇਹ ਤਿਉਹਾਰ ਸਮਾਜ ਨੂੰ ਸੱਚਾਈ, ਸਦਾਚਾਰ ਅਤੇ ਨੇਕੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਦੁਸਹਿਰੇ ਮੌਕੇ ਦੀ ਯੰਗਮੈਨ ਰਾਮਾ ਕ੍ਰਿਸ਼ਨਾ ਰਾਮਲੀਲਾ ਕਲੱਬ ਪੱਟੀ ਅਤੇ ਨੀਲ ਕਮਲ ਰਾਮਲੀਲਾ ਐਂਡ ਸੋਸ਼ਲ ਵੈਲਫੇਅਰ ਕਲੱਬ ਪੱਟੀ ਵੱਲੋਂ ਸੁੰਦਰ ਝਾਕੀਆਂ ਸਜਾਈਆਂ ਜਾਣਗੀਆਂ। ਇਹ ਝਾਕੀਆਂ ਵੱਡੀ ਮੰਡੀ ਪੱਟੀ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਸ਼ੁਰੂ ਹੋਣਗੀਆਂ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀਆਂ ਹੋਈਆਂ ਸ਼ਾਮ ਚਾਰ ਵਜੇ ਦੁਸਹਿਰਾ ਮੈਦਾਨ ਵਿਚ ਪਹੁੰਚਣਗੀਆਂ। ਸ਼ੋਭਾ ਯਾਤਰਾ ਦੌਰਾਨ ਧਾਰਮਿਕ ਝਾਕੀਆਂ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਨਗੀਆਂ। ਉਨ੍ਹਾਂ ਦੱਸਿਆ ਕਿ ਮੈਦਾਨ ਵਿਚ ਪਹੁੰਚਣ ਉਪਰੰਤ ਮੁੱਖ ਮਹਿਮਾਨਾਂ ਵੱਲੋਂ ਰਾਮਲੀਲਾ ਦੇ ਪਾਤਰਾਂ ਦੇ ਸਰੂਪਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਬਾਅਦ ਵਿਭੀਸ਼ਣ ਦੇ ਸਰੂਪ ਵੱਲੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ। ਸਮਾਗਮ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਰਾਮਲੀਲਾ ਕਮੇਟੀਆਂ ਦੇ ਨੁਮਾਇੰਦਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਮੇਲੇ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਕਮੇਟੀ ਦੇ ਚੇਅਰਮੈਨ ਮੋਹਿਤ ਅਰੋੜਾ, ਜਨਰਲ ਸਕੱਤਰ ਕੇਕੇ ਬਿੱਟੂ, ਬਲਾਕ ਪ੍ਰਧਾਨ ਵਿਨੋਦ ਕੁਮਾਰ ਖੰਨਾ, ਕੰਵਲਪ੍ਰੀਤ ਸਿੰਘ ਗਿੱਲ, ਗੁਰਬਿੰਦਰ ਸਿੰਘ ਕਾਲੇਕੇ, ਗੁਰਪ੍ਰੀਤ ਸਿੰਘ ਪਨਗੋਟਾ, ਦਲੇਰ ਸਿੰਘ ਦੁਬਲੀ, ਅਵਤਾਰ ਸਿੰਘ ਸਰਪੰਚ ਸਭਰਾ, ਦਲਜੀਤ ਸਿੰਘ ਸੋਹਲ, ਸੁੱਚਾ ਸਿੰਘ ਸੋਹਲ, ਸ਼ੰਕਰ ਮਹਿਤਾ, ਗੁਰਸੇਵਕ ਸਿੰਘ, ਰਛਪਾਲ ਬੇਦੀ, ਰਾਜਾ ਸੇਠੀ ਅਤੇ ਤਰਸੇਮ ਜੋਸ਼ੀ ਸਮੇਤ ਹੋਰ ਮੈਂਬਰ ਹਾਜ਼ਰ ਸਨ।