ਮਾਨਸਾ ਘਟਨਾ ਤੋਂ ਬਾਅਦ ਸਿਹਤ ਵਿਭਾਗ ਚੌਕਸ, ਜ਼ਿਲ੍ਹੇ ’ਚ 8 ਮੈਡੀਕਲ ਸਟੋਰਾਂ ਦੀ ਜਾਂਚ ਮਾਨਸਾ ਘਟਨਾ ਤੋਂ ਬਾਅਦ ਸਿਹਤ ਵਿਭਾਗ ਚੌਕਸ, ਜ਼ਿਲ੍ਹੇ ’ਚ 8 ਮੈਡੀਕਲ ਸਟੋਰਾਂ ਦੀ ਜਾਂਚ
Publish Date: Wed, 14 Oct 2026 07:12 PM (IST)
Updated Date: Wed, 14 Oct 2026 07:15 PM (IST)
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਮਾਨਸਾ ਵਿਚ ਮੈਡੀਕਲ ਸਟੋਰ ’ਤੇ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਦਵਾਈਆਂ ਵੇਚੇ ਜਾਣ ਦੇ ਮਾਮਲੇ ਨੂੰ ਲੈ ਕੇ ਵਾਪਰ ਰਹੇ ਘਟਨਾਕ੍ਰਮ ਤੋਂ ਬਾਅਦ ਸਿਹਤ ਵਿਭਾਗ ਚੌਕਸ ਦਿਖਾਈ ਦੇ ਰਿਹਾ ਹੈ। ਇਸੇ ਤਹਿਤ ਤਰਨਤਾਰਨ ਜ਼ਿਲ੍ਹੇ ਵਿਚ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਅਤੇ ਮੈਡੀਕਲ ਸਟੋਰਾਂ ਦੀ ਜਾਂਚ ਲਈ ਬੁੱਧਵਾਰ ਨੂੰ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ। ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਵੱਖ-ਵੱਖ ਪਿੰਡਾਂ ਵਿਚ ਸਥਿਤ ਅੱਠ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ। ਹਾਲਾਂਕਿ ਇਸ ਦੌਰਾਨ ਕਿਸੇ ਵੀ ਮੈਡੀਕਲ ਸਟੋਰ ਤੋਂ ਕੋਈ ਪਾਬੰਦੀਸ਼ੁਦਾ ਦਵਾਈ ਜ਼ਬਤ ਨਹੀਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੰਡੋਰੀ ਰਣ ਸਿੰਘ, ਗੱਗੋਬੂਹਾ ਅਤੇ ਪਿੰਡ ਸੋਹਲ ਵਿਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ। ਪੰਡੋਰੀ ਰਣ ਸਿੰਘ ਵਿਚ ਦੋ, ਗੱਗੋਬੂਹਾ ਵਿਚ ਤਿੰਨ ਅਤੇ ਪਿੰਡ ਸੋਹਲ ਵਿਚ ਤਿੰਨ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਤਰ੍ਹਾਂ ਕੁੱਲ ਅੱਠ ਮੈਡੀਕਲ ਸਟੋਰਾਂ ਦੀ ਜਾਂਚ ਕਰਕੇ ਦਵਾਈਆਂ ਦੀ ਵਿਕਰੀ ਸਬੰਧੀ ਨਿਯਮਾਂ ਦੀ ਪਾਲਣਾ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਸਰਹੱਦੀ ਪਿੰਡ ਹਵੇਲੀਆਂ ਜਿਸ ਨੂੰ ਨਸ਼ਿਆਂ ਦੇ ਹੌਟ ਸਪੌਟ ਵਜੋਂ ਜਾਣਿਆ ਜਾਂਦਾ ਹੈ ਵਿਚ ਵੀ ਡਰੱਗ ਇੰਸਪੈਕਟਰ ਦੀ ਟੀਮ ਵਲੋਂ ਦਬਿਸ਼ ਦਿੱਤੀ ਗਈ, ਪਰ ਉੱਥੇ ਕੋਈ ਮੈਡੀਕਲ ਸਟੋਰ ਨਹੀਂ ਸੀ। ਇਸ ਤੋਂ ਇਲਾਵਾ ਪਿੰਡ ਢਾਲਾ ਵਿਚ ਜਾਂਚ ਲਈ ਪਹੁੰਚੀ ਟੀਮ ਨੂੰ ਸਾਰੇ ਮੈਡੀਕਲ ਸਟੋਰ ਬੰਦ ਮਿਲੇ। --- ਲਗਾਤਾਰ ਜਾਰੀ ਰਹੇਗੀ ਚੈਕਿੰਗ- ਡਰੱਗ ਇੰਸਪੈਕਟਰ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਮੈਡੀਕਲ ਸਟੋਰਾਂ ਦੀ ਜਾਂਚ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਬੰਦੀਸ਼ੁਦਾ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਵੱਲੋਂ ਇਹ ਯਕੀਨੀ ਬਣਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਮੈਡੀਕਲ ਸਟੋਰ ਸੰਚਾਲਕ ਦਵਾਈਆਂ ਦੀ ਵਿਕਰੀ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਦਵਾਈ ਦੀ ਗਲਤ ਵਰਤੋਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਸਪਲਾਈ ਅਤੇ ਵਿਕਰੀ ਦੇ ਕਾਨੂੰਨੀ ਪੱਖਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਡਰੱਗ ਇੰਸਪੈਕਟਰ ਨੇ ਇਹ ਵੀ ਦੱਸਿਆ ਕਿ ਜਾਂਚ ਦੌਰਾਨ ਅੱਠ ਮੈਡੀਕਲ ਸਟੋਰਾਂ ਵਿੱਚੋਂ ਕੋਈ ਪਾਬੰਦੀਸ਼ੁਦਾ ਦਵਾਈ ਨਹੀਂ ਮਿਲੀ ਪਰ ਪਾਬੰਦੀਸ਼ੁਦਾ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਅਜਿਹੀਆਂ ਜਾਂਚਾਂ ਨਿਰੰਤਰ ਜਾਰੀ ਰੱਖੀਆਂ ਜਾਣਗੀਆਂ।