ਮਾਝਾ ਕਾਲਜ ਫਾਰ ਵੂਮੈਨ ’ਚ ਕਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ ਮਾਝਾ ਕਾਲਜ ਫਾਰ ਵੂਮੈਨ ’ਚ ਕਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ
Publish Date: Wed, 14 Oct 2026 07:00 PM (IST)
Updated Date: Wed, 14 Oct 2026 07:03 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ ਵਿਖੇ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ ਬਾਰੇ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਕਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸੰਸਥਾ ‘ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ’ ਵੱਲੋਂ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੂੰ ਕੰਪਨੀ ਸੈਕਟਰੀ ਦੇ ਕਿੱਤੇ, ਇਸ ਨਾਲ ਸਬੰਧਿਤ ਕੋਰਸਾਂ ਅਤੇ ਭਵਿੱਖ ਵਿਚ ਉਪਲੱਬਧ ਕਰੀਅਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਸੰਸਥਾ ਦੇ ਬੁਲਾਰੇ ਹਰਪ੍ਰੀਤ ਸਿੰਘ ਵਾਲੀਆ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕੰਪਨੀ ਸੈਕਟਰੀ ਦੇ ਕਿੱਤੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦਸਿਆ ਕਿ ਕੰਪਨੀ ਸੈਕਟਰੀ ਕਿਸੇ ਵੀ ਕੰਪਨੀ ਦੇ ਕਾਨੂੰਨੀ ਨਿਯਮਾਂ ਦੀ ਪਾਲਣਾ, ਕਾਰਪੋਰੇਟ ਪ੍ਰਬੰਧਨ, ਦਸਤਾਵੇਜ਼ੀ ਕਾਰਵਾਈ ਅਤੇ ਕੰਪਨੀ ਦੇ ਪ੍ਰਬੰਧਕੀ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਖੇਤਰ ’ਚ ਯੋਗਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਨਿੱਜੀ ਅਤੇ ਸਰਕਾਰੀ ਖੇਤਰਾਂ ਵਿਚ ਕਰੀਅਰ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਦੱਸਿਆ ਕਿ ਆਰਟਸ, ਸਾਇੰਸ ਅਤੇ ਕਾਮਰਸ ਸਮੇਤ ਵੱਖ-ਵੱਖ ਵਿੱਦਿਅਕ ਧਾਰਾਵਾਂ ਦੇ ਵਿਦਿਆਰਥੀ ਕੰਪਨੀ ਸੈਕਟਰੀ ਦੇ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਲਈ ਅੱਗੇ ਵਧ ਸਕਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਇਸ ਕੋਰਸ ਨਾਲ ਸਬੰਧਤ ਯੋਗਤਾ, ਪ੍ਰੀਖਿਆਵਾਂ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕਰ ਕੇ ਆਪਣੇ ਭਵਿੱਖ ਦੀ ਯੋਜਨਾਬੰਦੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮਾਂ ਮੁਕਾਬਲੇ ਦਾ ਯੁੱਗ ਹੈ, ਜਿਸ ਵਿਚ ਸਿਰਫ਼ ਰਵਾਇਤੀ ਡਿਗਰੀ ਹਾਸਲ ਕਰਨਾ ਹੀ ਕਾਫ਼ੀ ਨਹੀਂ, ਸਗੋਂ ਵਿਦਿਆਰਥੀਆਂ ਲਈ ਕਿੱਤਾ ਮੁੱਖੀ ਸਿੱਖਿਆ ਅਤੇ ਪੇਸ਼ੇਵਰ ਕੋਰਸਾਂ ਦੀ ਜਾਣਕਾਰੀ ਹਾਸਿਲ ਕਰਨੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥਣਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਸਹੀ ਕਰੀਅਰ ਚੁਣਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ।