ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਦੌਰਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਪ੍ਰੇਰਨਾਦਾਇਕ ਦੌਰਾ
Publish Date: Wed, 14 Oct 2026 05:48 PM (IST)
Updated Date: Wed, 14 Oct 2026 05:51 PM (IST)
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਬੁੱਧਵਾਰ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਜਿੰਦਰ ਕੌਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਡਿਆਲਾ, ਸਰਕਾਰੀ ਐਲੀਮੈਂਟਰੀ ਸਕੂਲ ਠਰੂ, ਸਰਕਾਰੀ ਐਲੀਮੈਂਟਰੀ ਸਕੂਲ ਫਤਿਹਚੱਕ ਤੋਂ ਇਲਾਵਾ ਬਲਾਕ ਐਲੀਮੈਂਟਰੀ ਸਿੱਖਿਆ ਦਫ਼ਤਰ ਮੱਲੀਆਂ ਵੀ ਵਿਜ਼ਿਟ ਕੀਤਾ। ਇਸ ਦੌਰਾਨ ਉਨ੍ਹਾਂ ਕਲਾਸ ਰੂਮਾਂ ਵਿਚ ਜਾ ਕੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਜਾਇਜ਼ਾ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਜਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਹੀ ਇਸ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਤੇ ਹੀ ਉਨ੍ਹਾਂ ਦਾ ਕੱਲ੍ਹ ਨਿਰਭਰ ਕਰਦਾ ਹੈ। ਕਿਤਾਬਾਂ ਸਿਰਫ ਡਿਗਰੀਆਂ ਨਹੀਂ ਦਿੰਦੀਆਂ, ਸਗੋਂ ਸੋਚਣ ਦੀ ਤਾਕਤ ਦਿੰਦੀਆਂ ਹਨ। ਕਦੇ ਵੀ ਸਾਨੂੰ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਧਿਆਪਕਾਂ ਨੂੰ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਹਰੇਕ ਬੱਚਾ ਵਿਸ਼ੇਸ਼ ਹੁੰਦਾ ਹੈ। ਅਧਿਆਪਕ ਦਾ ਫਰਜ਼ ਸਿਰਫ਼ ਪਾਠਕ੍ਰਮ ਪੂਰਾ ਕਰਵਾਉਣਾ ਨਹੀਂ, ਸਗੋਂ ਹਰ ਬੱਚੇ ਦੇ ਅੰਦਰ ਲੁਕੀ ਕਾਬਲੀਅਤ ਨੂੰ ਪਛਾਣ ਕੇ ਉਸ ਨੂੰ ਨਿਖਾਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਕੂਲ ਦੀ ਸਾਫ਼-ਸਫ਼ਾਈ, ਮਿਡ-ਡੇ-ਮੀਲ, ਵਿਦਿਆਰਥੀਆਂ ਦੀਆਂ ਕਾਪੀਆਂ ਦੀ ਨਿਰੰਤਰ ਚੈਕਿੰਗ, ਅਧਿਆਪਕ ਡਾਇਰੀ, ਅਧਿਆਪਕ ਹਾਜ਼ਰੀ ਰਜਿਸਟਰ, ਵਿਦਿਆਰਥੀ ਹਾਜ਼ਰੀ ਰਜਿਸਟਰ ਤੋਂ ਇਲਾਵਾ ਸਕੂਲਾਂ ਵਿਚ ਆ ਰਹੀਆਂ ਗ੍ਰਾਂਟਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸਕੂਲਾਂ ਵਿਚ ਲੋੜੀਂਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਦੇ ਇਸ ਦੌਰੇ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਨਵਾਂ ਉਤਸ਼ਾਹ ਦੇਖਣ ਨੂੰ ਮਿਲਿਆ।