ਸਭਰਾ ਤੇ ਕਿਰਤੋਵਾਲ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਹਾਲਤ ਖਸਤਾ, ਲੋਕ ਪਰੇਸ਼ਾਨ ਸਭਰਾ ਤੇ ਕਿਰਤੋਵਾਲ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਹਾਲਤ ਬਦਤਰ, ਲੋਕ ਪ੍ਰੇਸ਼ਾਨ
Publish Date: Wed, 14 Oct 2026 05:34 PM (IST)
Updated Date: Wed, 14 Oct 2026 05:36 PM (IST)
ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ ਘਰਿਆਲਾ : ਸਰਹੱਦੀ ਇਲਾਕੇ ਦੇ ਪਿੰਡਾਂ ਵਿਚ ਭਾਵੇਂ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਲੋਕ ਆਪਣੇ ਘਰਾਂ ਨੂੰ ਆਧੁਨਿਕ ਤਰੀਕੇ ਨਾਲ ਉਸਾਰ ਰਹੇ ਹਨ, ਪਰ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਅਜੇ ਵੀ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਇਸ ਦੀ ਮਿਸਾਲ ਸਭਰਾ ਤੋਂ ਕਿਰਤੋਵਾਲ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਖਸਤਾ ਹਾਲਤ ਤੋਂ ਮਿਲਦੀ ਹੈ, ਜਿਥੇ ਥਾਂ-ਥਾਂ ਡੂੰਘੇ ਟੋਏ ਪਏ ਹੋਏ ਹਨ ਅਤੇ ਰਾਹਗੀਰਾਂ ਨੂੰ ਆਉਣ-ਜਾਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਬਾਬਾ ਸਾਰਜ ਸਿੰਘ, ਦਿਲਬਾਗ ਸਿੰਘ, ਹਰਵਿੰਦਰ ਸਿੰਘ, ਮੁਖਤਿਆਰ ਸਿੰਘ ਅਤੇ ਕਾਰਜ ਸਿੰਘ ਨੇ ਦੱਸਿਆ ਕਿ ਸਭਰਾ ਤੋਂ ਕਿਰਤੋਵਾਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਅਤੇ ਸੜਕ ਦੀ ਜਲਦ ਤੋਂ ਜਲਦ ਉਸਾਰੀ ਕਰਵਾਉਣ। ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਚੌੜਾ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਖਰਚਣ ਦੀਆਂ ਜਾਣਕਾਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਪਰ ਸਰਹੱਦੀ ਇਲਾਕੇ ਦੇ ਕਈ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਇਨ੍ਹਾਂ ਦਾਅਵਿਆਂ ਦੇ ਉਲਟ ਬਣੀ ਹੋਈ ਹੈ। ਸੜਕਾਂ ਵਿਚ ਪਏ ਡੂੰਘੇ ਟੋਏ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ ਅਤੇ ਪਹਿਲਾਂ ਵੀ ਮਾੜੀਆਂ ਸੜਕਾਂ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਹ ਸੜਕ ਇਲਾਕੇ ਦੇ ਲੋਕਾਂ ਲਈ ਅਹਿਮ ਹੈ, ਕਿਉਂਕਿ ਪਿੰਡ ਵਾਸੀਆਂ ਨੂੰ ਆਪਣੀ ਫ਼ਸਲ ਵੇਚਣ ਲਈ ਪੱਟੀ ਦੀ ਮੰਡੀ ਜਾਣਾ ਪੈਂਦਾ ਹੈ। ਕਣਕ ਦੀ ਫ਼ਸਲ ਮੰਡੀ ਤਕ ਲਿਜਾਣ ਸਮੇਂ ਕਿਸਾਨਾਂ ਨੂੰ ਖ਼ਾਸ ਤੌਰ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਹ ਸੜਕ ਇਲਾਕੇ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਵੱਲ ਜਾਣ ਲਈ ਵੀ ਮਹੱਤਵਪੂਰਨ ਰਸਤਾ ਹੈ। ਇਸ ਇਲਾਕੇ ਵਿਚ ਇਤਿਹਾਸਕ ਮਹੱਤਤਾ ਵਾਲਾ ਪਿੰਡ ਵੀ ਸਥਿਤ ਹੈ, ਜਿਥੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਪਿੰਡ ਵਾਸੀਆਂ ਨੇ ਸਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਭਰਾ ਤੋਂ ਕਿਰਤੋਵਾਲ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਜਲਦ ਉਸਾਰੀ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਆਵਾਜਾਈ ਦੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ।