ਮਾਨ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਲਈ ਵਚਨਬੱਧ : ਜੱਸਾ ਪੱਟੀ ਮਾਨ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਲਈ ਵਚਨਬੱਧ : ਜੱਸਾ ਪੱਟੀ
Publish Date: Wed, 14 Oct 2026 05:00 PM (IST)
Updated Date: Wed, 14 Oct 2026 05:03 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਦੇ ਵਾਰਡ ਨੰਬਰ 1 ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਵੱਲ ਕਦਮ ਚੁੱਕਦਿਆਂ ਵਾਰਡ ਨੂੰ ਪੱਟੀ ਸ਼ਹਿਰ ਨਾਲ ਜੋੜਨ ਵਾਲੇ ਰਸਤੇ ਦਾ ਨਵੀਨੀਕਰਨ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਵਿਕਾਸ ਕਾਰਜ ਨਾਲ ਇਲਾਕਾ ਵਾਸੀਆਂ ਨੂੰ ਆਵਾਜਾਈ ਵਿਚ ਰਾਹਤ ਮਿਲੇਗੀ ਤੇ ਰੋਜ਼ਾਨਾ ਆਉਣ-ਜਾਣ ਦੀ ਸਹੂਲਤ ਵਿਚ ਸੁਧਾਰ ਹੋਵੇਗਾ। ਆਮ ਆਦਮੀ ਪਾਰਟੀ ਦੇ ਪੱਟੀ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਸ਼ਹਿਰਾਂ ਤੇ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਬਿਹਤਰ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣਾ ਅਤੇ ਆਮ ਨਾਗਰਿਕਾਂ ਨੂੰ ਰਾਹਤ ਦੇਣਾ ਹੈ। ਜੱਸਾ ਪੱਟੀ ਨੇ ਕਿਹਾ ਕਿ ਵਾਰਡ ਨੰਬਰ 1 ਦੇ ਵਸਨੀਕ ਇਸ ਰਸਤੇ ਦੀ ਮੁਰੰਮਤ ਅਤੇ ਨਵੀਨੀਕਰਨ ਦੀ ਮੰਗ ਲੰਮੇ ਸਮੇਂ ਤੋਂ ਕਰ ਰਹੇ ਸਨ। ਰਸਤੇ ਦੀ ਹਾਲਤ ਵਿਚ ਸੁਧਾਰ ਹੋਣ ਨਾਲ ਵਾਰਡ ਵਾਸੀਆਂ ਦੇ ਨਾਲ-ਨਾਲ ਇਸ ਰਸਤੇ ਦੀ ਵਰਤੋਂ ਕਰਨ ਵਾਲੇ ਹੋਰ ਲੋਕਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦਾ ਮਕਸਦ ਸਿਰਫ਼ ਸੜਕਾਂ ਬਣਾਉਣਾ ਹੀ ਨਹੀਂ, ਸਗੋਂ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਸੁਖਾਲਾ ਬਣਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਇਲਾਕੇ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।