ਸ਼੍ਰੀ ਰਾਮ ਵਿਆਹ ਉਤਸਵ ਸਬੰਧੀ ਪੱਟੀ ’ਚ ਕੱਢੀ ਸ਼ੋਭਾ ਯਾਤਰਾ ਸ਼੍ਰੀ ਰਾਮ ਵਿਆਹ ਉਤਸਵ ਸਬੰਧੀ ਪੱਟੀ ’ਚ ਕੱਢੀ ਸ਼ੋਭਾ ਯਾਤਰਾ
Publish Date: Wed, 14 Oct 2026 04:37 PM (IST)
Updated Date: Wed, 14 Oct 2026 04:39 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਨੀਲ ਕਮਲ ਰਾਮਲੀਲਾ ਸੋਸ਼ਲ ਵੈਲਫੇਅਰ ਕਲੱਬ ਪੱਟੀ ਵੱਲੋਂ ਸ਼੍ਰੀ ਰਾਮ ਵਿਆਹ ਉਤਸਵ ਦੇ ਸਬੰਧ ਵਿਚ ਸ਼ਹਿਰ ’ਚ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸ਼੍ਰੀ ਲਕਸ਼ਮੀ ਨਰਾਇਣ ਮੰਦਰ, ਵੱਡੀ ਮੰਡੀ ਪੱਟੀ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਨੀਲ ਕਮਲ ਰਾਮਲੀਲਾ ਕਲੱਬ ਵਿਖੇ ਪਹੁੰਚ ਕੇ ਸੰਪੰਨ ਹੋਈ। ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਹਰਮਨ ਸੇਖੋਂ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਸਰੂਪਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰਮਨ ਸੇਖੋਂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦਾ ਜੀਵਨ ਸਾਨੂੰ ਸੱਚਾਈ, ਮਰਿਆਦਾ, ਤਿਆਗ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ। ਸ਼੍ਰੀ ਰਾਮ ਵਿਆਹ ਉਤਸਵ ਵਰਗੇ ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਆਪਸੀ ਪਿਆਰ, ਸਦਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਲੱਬ ਦੇ ਪ੍ਰਬੰਧਕਾਂ ਵੱਲੋਂ ਧਾਰਮਿਕ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ। ਸ਼ੋਭਾ ਯਾਤਰਾ ਦੌਰਾਨ ਸ਼ਹਿਰ ਦੇ ਲੋਕਾਂ ਨੇ ਸ਼ਰਧਾ ਨਾਲ ਹਿੱਸਾ ਲਿਆ ਅਤੇ ਭਗਵਾਨ ਸ਼੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਮਾਹੌਲ ਧਾਰਮਿਕ ਰੰਗ ਵਿਚ ਰੰਗਿਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ, ਚੇਅਰਮੈਨ ਰਾਜੇਸ਼ ਕੁਮਾਰ ਮਿੰਟਾ, ਵਿਪਨ ਸ਼ਰਮਾ, ਸੁਖਦੇਵ ਰਾਜ ਸ਼ਰਮਾ, ਡਾਇਰੈਕਟਰ ਵਿਪਨ ਸ਼ਰਮਾ, ਡਾ. ਦੇਸਰਾਜ ਬਧਵਾਰ, ਕਰਨਬੀਰ ਸਿੰਘ ਕੌਂਸਲਰ, ਲਵਲੀ ਭੁੱਲਰ, ਜਗਰੂਪ ਸਿੰਘ ਪਟਵਾਰੀ, ਚੇਅਰਮੈਨ ਤਰਸੇਮ ਜੋਸ਼ੀ, ਰਾਜ ਪਹਿਲਵਾਨ ਅਤੇ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ।