ਕੈਨੇਡਾ ਦੇ ਮੰਤਰੀ ਰਣਦੀਪ ਸਿੰਘ ਸਰਾਏ ਢਾਕਾ ਦੇ ਗੁਰਦੁਆਰਾ ਨਾਨਕਸ਼ਾਹੀ ’ਚ ਨਤਮਸਤਕ ਕੈਨੇਡਾ ਦੇ ਮੰਤਰੀ ਰਣਦੀਪ ਸਿੰਘ ਸਰਾਏ ਢਾਕਾ ਦੇ ਗੁਰਦੁਆਰਾ ਨਾਨਕਸ਼ਾਹੀ ’ਚ ਨਤਮਸਤਕ
Publish Date: Wed, 14 Oct 2026 04:34 PM (IST)
Updated Date: Wed, 14 Oct 2026 04:36 PM (IST)
ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵੱਲੋਂ ਸਾਲ 2004 ਤੋਂ ਬੰਗਲਾ ਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ ਕਰਵਾਈ ਜਾ ਰਹੀ ਹੈ ਅਤੇ ਸਾਲ ਵਿਚ ਦੋ ਵਾਰ ਸਿੱਖ ਸ਼ਰਧਾਲੂਆਂ ਦਾ ਜਥਾ ਵੀ ਗੁਰਧਾਮਾਂ ਦੇ ਦਰਸ਼ਨ ਲਈ ਬੰਗਲਾ ਦੇਸ਼ ਭੇਜਿਆ ਜਾਂਦਾ ਹੈ। ਉਥੇ ਹੀ ਕੈਨੇਡਾ ਦੇ ਅੰਤਰ ਰਾਸ਼ਟਰੀ ਵਿਕਾਸ ਮਾਮਲਿਆਂ ਬਾਰੇ ਰਾਜ ਮੰਤਰੀ ਰਣਦੀਪ ਸਿੰਘ ਸਰਾਏ ਨੇ ਬੰਗਲਾ ਦੇਸ਼ ਦੇ ਆਪਣੇ ਸਰਕਾਰੀ ਦੌਰੇ ਦੌਰਾਨ ਢਾਕਾ ਸਥਿਤ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਾਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਨਾਨਕਸ਼ਾਹੀ ਦੇ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਕੈਨੇਡਾ ਦੇ ਉੱਚ ਅਧਿਕਾਰੀਆਂ ਦਾ ਵਫ਼ਦ ਵੀ ਮੌਜੂਦ ਸੀ। ਗੁਰਦੁਆਰਾ ਨਾਨਕਸ਼ਾਹੀ ਵਿਖੇ ਪਹੁੰਚਣ ’ਤੇ ਬੰਗਲਾਦੇਸ਼ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਬਖਸ਼ਿਸ਼ ਕੀਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅਮਰ ਚੰਦ, ਮੀਤ ਪ੍ਰਧਾਨ ਡਾ. ਮ੍ਰਿਤਿਉਂਜਯ ਕੁਮਾਰ ਰਾਏ ਅਤੇ ਜਨਰਲ ਸਕੱਤਰ ਤਪੋਸ ਲਾਲ ਚੌਧਰੀ ਸਮੇਤ ਹੋਰ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਸ੍ਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਗਪ੍ਰੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੋਈ ਮੁਲਾਕਾਤ ਦੌਰਾਨ ਮੰਤਰੀ ਰਣਦੀਪ ਸਿੰਘ ਸਰਾਏ ਨੇ ਸਥਾਨਕ ਗੁਰਦੁਆਰਾ ਸਾਹਿਬਾਨ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੈਨੇਡਾ ਸਰਕਾਰ ਇਨ੍ਹਾਂ ਮਸਲਿਆਂ ਦੇ ਹੱਲ ਲਈ ਬੰਗਲਾ ਦੇਸ਼ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰੇਗੀ। ਸੰਪਰਦਾਇ ਸਕੱਤਰ ਹਰਭਜਨ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੌਰੇ ਬਾਰੇ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਉੱਤੇ ਹੋਏ ਗ਼ੈਰ-ਕਾਨੂੰਨੀ ਕਬਜ਼ਿਆਂ ਦੇ ਮਾਮਲੇ ਨੂੰ ਉਠਾਉਂਦਿਆਂ ਉਨ੍ਹਾਂ ਨੇ ਇਨ੍ਹਾਂ ਜਾਇਦਾਦਾਂ ਦੇ ਵਿਕਾਸ ਅਤੇ ਕਬਜ਼ਿਆਂ ਤੋਂ ਮੁਕਤੀ ਲਈ ਯੋਜਨਾ ਬਣਾਉਣ ਦੀ ਆਸ ਪ੍ਰਗਟਾਈ। ਇਸ ਮੁਲਾਕਾਤ ਨੂੰ ਬੰਗਲਾ ਦੇਸ਼ ਵਿਚ ਸਿੱਖ ਗੁਰਧਾਮਾਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨਾਲ ਸਬੰਧਿਤ ਮਸਲਿਆਂ ਦੇ ਹੱਲ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।