ਸਿਹਤ ਕਾਮਿਆਂ ਵੱਲੋਂ ਡਾਇਰੈਕਟਰ ਦਫ਼ਤਰ ਦਾ ਘਿਰਾਓ 19 ਅਕਤੂਬਰ ਨੂੰ ਸਿਹਤ ਮੁਲਾਜ਼ਮਾ ਡਾਇਰੈਕਟਰ ਦਫ਼ਤਰ ਦੀ ਪ੍ਰੋਸੀਡਿੰਗ ਨੂੰ ਨਕਾਰਿਆ
Publish Date: Wed, 14 Oct 2026 04:32 PM (IST)
Updated Date: Wed, 14 Oct 2026 04:33 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਭਰ ’ਚੋਂ ਬਹੁਤ ਸਾਰੇ ਆਗੂਆਂ ਨੇ ਹਿੱਸਾ ਲਿਆ। ਇਨ੍ਹਾਂ ਮੀਟਿੰਗਾਂ ਦੌਰਾਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਉੱਤੇ ਵਿਚਾਰ ਚਰਚਾ ਕਰਦਿਆਂ ਚਿੰਤਾ ਪ੍ਰਗਟਾਈ ਗਈ ਕਿ ਪਿਛਲੇ ਲੰਬੇ ਸਮੇਂ ਤੋਂ ਪੈਰਾ ਮੈਡੀਕਲ ਸਿਹਤ ਕਾਮਿਆਂ ਦੀਆਂ ਹੱਕੀ ਮੰਗਾਂ ਲਟਕਦੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਸਿਹਤ ਡਾਇਰੈਕਟਰ ਅਤੇ ਪੰਜਾਬ ਸਰਕਾਰ ਸੁਹਿਰਦ ਨਹੀਂ ਹੈ। ਪਿਛਲੇ ਦਿਨੀਂ ਜਥੇਬੰਦੀ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਦੋਵਾਂ ਸਿਹਤ ਡਾਇਰੈਕਟਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਕੁਝ ਮੰਗਾਂ ਉੱਤੇ ਸਹਿਮਤੀ ਬਣੀ ਸੀ ਕਿ ਇਹ ਮੰਗਾਂ ਜਲਦੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਪਰ ਉਸ ਤੋਂ ਬਾਅਦ ਜਥੇਬੰਦੀ ਨੂੰ ਡਾਇਰੈਕਟਰ ਦਫ਼ਤਰ ਵੱਲੋਂ ਜਿਹੜੀ ਪ੍ਰੋਸੀਡਿੰਗ ਜਾਰੀ ਕੀਤੀ ਗਈ। ਉਸ ਵਿਚ ਮੰਨੀਆਂ ਗਈਆਂ ਮੰਗਾਂ ਸਬੰਧੀ ਕਾਰਵਾਈ ਅਮਲ ਰੂਪ ਵਿਚ ਲਿਆ ਕੇ ਉਨ੍ਹਾਂ ਨੂੰ ਪੂਰਾ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਡਾਇਰੈਕਟਰ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਪ੍ਰੋਸੀਡਿੰਗ ਨੂੰ ਸਿਰੇ ਤੋਂ ਨਕਾਰਦਿਆਂ ਇਹ ਕਿਹਾ ਕਿ ਸਿਹਤ ਡਾਇਰੈਕਟਰ ਅਤੇ ਸਿਹਤ ਮੰਤਰੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਬਿਲਕੁਲ ਵੀ ਗੰਭੀਰ ਨਹੀਂ ਹਨ। ਜਿਸ ਕਾਰਨ ਵਿਭਾਗ ਦੇ ਸਮੁੱਚੇ ਕੇਡਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਵੱਲੋਂ ਇਹ ਕਿਹਾ ਗਿਆ ਕਿ ਡਾਇਰੈਕਟਰ ਦਫ਼ਤਰ ਦੇ ਇਸ ਨਾਲਾਇਕੀ ਭਰੇ ਰਵੱਈਏ ਨੂੰ ਦੇਖਦੇ ਹੋਏ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 19 ਅਕਤੂਬਰ ਨੂੰ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਸਮੂਹ ਪੈਰਾ ਮੈਡੀਕਲ ਕਾਮਿਆਂ ਵੱਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਧਰਨਾਂ ਦਿੱਤਾ ਜਾਵੇਗਾ ਅਤੇ ਉਥੋਂ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਤਰਨਤਾਰਨ ਵਿਖੇ ਸਟੇਟ ਦੇ ਮੁੱਖ ਸਲਾਹਕਾਰ ਵਿਰਸਾ ਸਿੰਘ ਪੰਨੂ, ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਰਜਵੰਤ ਸਿੰਘ ਬਾਗੜੀਆਂ, ਹਰਜੀਤ ਸਿੰਘ ਪਹੂਵਿੰਡ ਪ੍ਰਧਾਨ ਹੈਲਥ ਵਰਕਰ ਯੂਨੀਅਨ, ਸਰਬਜੀਤ ਸਿੰਘ ਪ੍ਰਧਾਨ ਸੁਪਰਵਾਈਜ਼ਰ ਯੂਨੀਅਨ, ਮਨਜੀਤ ਸਿੰਘ ਪ੍ਰਧਾਨ ਰੇਡੀਓਗ੍ਰਾਫਰ ਯੂਨੀਅਨ, ਗੁਰਜਿੰਦਰ ਸਿੰਘ ਸਟੇਟ ਆਗੂ, ਐੱਮਐੱਲਟੀ ਯੂਨੀਅਨ ਦੇ ਪਰਮਜੀਤ ਸਿੰਘ, ਜਨਰਲ ਸਕੱਤਰ ਅਮਨਦੀਪ ਸ਼ਰਮਾ, ਸੀਐੱਚਓ ਯੂਨੀਅਨ ਦੇ ਪ੍ਰਧਾਨ ਜਾਸਮੀਨ ਕੌਰ, ਫਾਰਮੇਸੀ ਅਫ਼ਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਭੁਪਿੰਦਰ ਸਿੰਘ ਤਰਨਤਾਰਨ, ਜਸਪਿੰਦਰ ਸਿੰਘ, ਅਮਨਦੀਪ ਸਿੰਘ ਧਾਰੜ, ਰਵਿੰਦਰ ਕੌਰ ਬਾਗੜੀਆਂ ਆਦਿ ਨੇ ਕਿਹਾ ਕਿ 19 ਅਕਤੂਬਰ ਦੇ ਧਰਨੇ ਦੇ ਵਿਚ ਜ਼ਿਲ੍ਹਾ ਤਰਨਤਾਰਨ ਤੋਂ ਸਿਹਤ ਮੁਲਾਜ਼ਮ ਵੱਡੀ ਗਿਣਤੀ ਦੇ ਵਿਚ ਚੰਡੀਗੜ੍ਹ ਰਵਾਨਾ ਹੋਣਗੇ।